(ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?
(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।
ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥
(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ।
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
ਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ,
ਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ।
ਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ,
ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ॥੧॥
ਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ।
ਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ॥੧॥ ਰਹਾਉ ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ,
(ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ।
ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ,
(ਇਸ ਵਾਸਤੇ ਸੁਖ) ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ? (ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ॥੨॥
ਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ,
ਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ।
(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ।
ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ॥੩॥
ਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ।
ਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ,
ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ,
ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ॥੪॥੮॥੭੭॥
ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),
ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ।
ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,
ਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ॥੧॥
(ਮੂਰਖ ਮਨੁੱਖ ਨੂੰ) ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ)।
ਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ॥੧॥ ਰਹਾਉ ॥
ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ।
ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ।
ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ, ਪਰ)
ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ॥੨॥
(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ,
ਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ?
ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ।
(ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ॥੩॥
(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ।
ਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ।
ਹੇ ਪ੍ਰਭੂ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ।
ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ॥੪॥
ਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ।
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ।
ਹੇ ਪ੍ਰਭੂ! ਆਪਣੇ ਦਾਸ ਨੂੰ ਇਹ ਦਾਤ ਬਖ਼ਸ਼ ਕਿ
(ਤੇਰੇ ਦਾਸ) ਨਾਨਕ ਨੂੰ ਕਦੇ ਤੇਰਾ ਨਾਮ ਨਾਹ ਭੁੱਲੇ ॥੫॥੯॥੭੮॥
(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,
(ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ)।
ਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ,
ਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ॥੧॥