ਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
(ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ ॥੧॥ ਰਹਾਉ ॥
(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ) ਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀ) ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ।
ਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ ॥੨॥
(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ) ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ।
ਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ॥੩॥
(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕ) ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ।
ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ॥੪॥੨੨॥੫੨॥
(ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ।
(ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ (ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥
ਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ।
ਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।
ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ-ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
(ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ ॥੩॥
ਹੇ ਭਾਈ! ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।
ਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਉਸ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ) ॥੪॥੨੩॥੫੩॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿਚ ਪੈਦਾ ਹੋ ਜਾਂਦਾ ਹੈ, ਉਸ) ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥
ਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ ॥੧॥ ਰਹਾਉ ॥
ਹੇ ਭਾਈ! ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।
(ਹੇ ਭਾਈ! ਖ਼ਿਆਲ ਰੱਖ ਕਿ) ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥
ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।
ਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ) (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟ ਗਈ, (ਮਾਇਆ ਵਾਲੀ) ਅਪਣੱਤ ਦੂਰ ਹੋ ਗਈ, ਉਸ ਦੇ ਸਾਰੇ ਡਰ ਵਹਿਮ ਨੱਸ ਗਏ।
ਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ। ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨੇਮ ਨਿਬਾਹ ਦਿੱਤਾ ॥੧॥
(ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ (ਮਾਇਆ ਦੀ) ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ।
ਹੇ ਭਾਈ! ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ, ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ (ਹਰ ਥਾਂ) ਅਚਰਜ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ।
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ (ਮਾਇਆ ਵਲੋਂ) ਰੱਜ ਗਿਆ। ਹੇ ਭਾਈ! ਉਸ ਨਾਮ-ਅੰਮ੍ਰਿਤ ਦਾ ਸੁਆਦ ਅਚਰਜ ਹੀ ਹੈ ॥੨॥
(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਆਪ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਮਨੁੱਖ ਆਪਣੀਆਂ ਕੁਲਾਂ ਨੂੰ, ਆਪਣੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।
ਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲ-ਦਾਇਕ ਸਾਬਤ ਹੋ ਜਾਂਦੀ ਹੈ, (ਪ੍ਰਭੂ ਦੀ) ਪਵਿੱਤਰ ਹਜ਼ੂਰੀ ਵਿਚ (ਉਸ ਨੂੰ ਥਾਂ ਮਿਲ ਜਾਂਦੀ ਹੈ) ॥੩॥
ਹੇ ਭਾਈ! ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ,