(ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ) ਲੁਕਵੀਂ (ਰੱਬੀ ਜੀਵਨ ਦੀ) ਰੌ ਪਰਗਟ ਹੁੰਦੀ ਹੈ (ਭਾਵ, ਜਿਸ ਨੂੰ ਉਹ ਆਪਣੇ ਅੰਗ-ਸੰਗ ਤੇ ਸਭ ਵਿਚ ਵਿਆਪਕ ਦਿੱਸ ਪੈਂਦਾ ਹੈ),
ਹੇ ਨਾਨਕ! ਉਹ ਮਨੁੱਖ ਉਸ ਸੱਚੇ ਪ੍ਰਭੂ (ਦੇ ਨਾਮ-ਰੂਪ ਸਉਦੇ) ਦੀ ਕਦਰ ਸਮਝ ਲੈਂਦਾ ਹੈ ॥੫੩॥
ਜੇ ਅਡੋਲਤਾ ਵਿਚ ਰਹਿ ਕੇ (ਪ੍ਰਭੂ ਨੂੰ) ਮਿਲੀਏ ਤਾਂ (ਪੂਰਨ) ਸੁਖ ਹੁੰਦਾ ਹੈ।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ (ਮਾਇਆ ਦੀ) ਨੀਂਦਰ ਵਿਚ ਨਹੀਂ ਸਉਂਦਾ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿਚ ਟਿਕਾਈ ਰੱਖਦੀ ਹੈ।
(ਇਸ ਬਾਣੀ ਨੂੰ) ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਤੇ (ਹੋਰਨਾਂ ਨੂੰ) ਇਸ ਸ਼ਬਦ ਦੀ ਰਾਹੀਂ ਮੁਕਤ ਕਰਾਂਦਾ ਹੈ।
ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿਚ ਰੰਗੇ ਗਏ ਹਨ।
ਹੇ ਨਾਨਕ! ਆਪਾ-ਭਾਵ ਮਿਟਾ ਕੇ ਉਹਨਾਂ ਦਾ ਮੇਲ (ਪ੍ਰਭੂ ਨਾਲ) ਹੋ ਜਾਂਦਾ ਹੈ, (ਮਨ ਦੀ) ਭਟਕਣਾ ਮਿਟ ਜਾਂਦੀ ਹੈ ॥੫੪॥
(ਪ੍ਰਸ਼ਨ:) ਇਹ ਗੱਲ ਕਿਸ ਥਾਂ ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮੱਤ ਦੂਰ ਕਰ ਲਏ?
ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਤੇ ਦੁਖੀ ਹੁੰਦਾ ਹੈ,
ਜਮ ਦੇ ਦਰ ਤੇ ਬੱਧੇ ਹੋਏ ਦੀ ਕੋਈ ਸਹੈਤਾ ਨਹੀਂ ਕਰ ਸਕਦਾ,
ਸਤਿਗੁਰੂ ਦੇ ਸ਼ਬਦ ਤੋਂ ਬਿਨਾ ਇਸ ਦੀ ਕਿਤੇ ਇੱਜ਼ਤ ਨਹੀਂ, ਇਤਬਾਰ ਨਹੀਂ (ਭਾਵ, ਗੁਰੂ ਦੇ ਸ਼ਬਦ ਅਨੁਸਾਰ ਨਾਹ ਤੁਰਨ ਕਰਕੇ ਮਨੁੱਖ ਲੋਕਾਂ ਵਿਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ, ਦੁਨੀਆ ਦੀਆਂ ਮੌਜਾਂ ਵਿਚ ਫਸਿਆ ਹੋਣ ਕਰਕੇ ਮੌਤ ਤੋਂ ਭੀ ਹਰ ਵੇਲੇ ਡਰਦਾ ਹੈ ਇਹੋ ਜਿਹੀਆ ਸੱਟਾਂ ਸਦਾ ਖਾਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਫਿਰ ਭੀ ਅਸਲੀਅਤ ਨੂੰ ਸਮਝਦਾ ਨਹੀਂ। ਇਹ ਕਿਉਂ?)।
ਇਹ ਕਿਵੇਂ ਸਮਝੇ ਤੇ ('ਦੁੱਤਰ ਸਾਗਰ' ਦੇ) ਪਾਰਲੇ ਕੰਢੇ ਲੱਗੇ?
ਹੇ ਨਾਨਕ! ਮਨਮੁਖ ਮੂਰਖ ਸਮਝਦਾ ਨਹੀਂ ॥੫੫॥
(ਉੱਤਰ:) ਸਤਿਗੁਰੂ ਦਾ ਸ਼ਬਦ ਵੀਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ।
ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਇਸ ਭੈੜੀ ਮਤ ਤੋਂ ਖ਼ਲਾਸੀ ਦਾ ਰਾਹ ਲੱਭ ਪੈਂਦਾ ਹੈ।
(ਪਰ) ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, (ਵਿਕਾਰਾਂ ਵਿਚ) ਸੜਦਾ ਰਹਿੰਦਾ ਹੈ,
ਦੁਰਮੱਤ ਦੇ ਕਾਰਨ (ਪ੍ਰਭੂ ਤੋਂ) ਵਿਛੁੜ ਕੇ ਦੁਖੀ ਹੁੰਦਾ ਹੈ।
ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਵਿਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ।
ਹੇ ਨਾਨਕ!ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੫੬॥
ਜਿਸ ਮਨੁੱਖ ਨੇ ਸੱਚਾ ਸਉਦਾ ਨਾਮ-ਧਨ ਖੱਟਿਆ ਹੈ,
ਉਹ ਆਪ ('ਦੁੱਤਰ ਸਾਗਰ' ਤੋਂ) ਤਰਦਾ ਹੈ ਤੇ (ਹੋਰਨਾਂ ਨੂੰ) ਤਾਰਦਾ ਹੈ।
ਅਡੋਲ ਅਵਸਥਾ ਵਿਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਤੇ ਆਦਰ ਪਾਂਦਾ ਹੈ,
ਅਜੇਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ।
ਉਹ ਜਿੱਧਰ ਤੱਕਦਾ ਹੈ ਉਧਰ ਪ੍ਰਭੂ ਹੀ ਪ੍ਰਭੂ ਉਸ ਨੂੰ ਵਿਆਪਕ ਦਿੱਸਦਾ ਹੈ
ਹੇ ਨਾਨਕ! ਸੱਚੇ ਦੀ ਰਜ਼ਾ ਵਿਚ ਰਹਿ ਕੇ ਉਹ ਮਨੁੱਖ ('ਦੁਤਰ ਸਾਗਰ' ਤੋਂ) ਪਾਰ ਲੰਘ ਜਾਂਦਾ ਹੈ ॥੫੭॥
(ਪ੍ਰਸ਼ਨ:) ਜਿਸ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ?
'ਪ੍ਰਾਣ' (ਭਾਵ ਸੁਆਸ) ਨੂੰ ਦਸ-ਉਂਗਲ-ਪ੍ਰਮਾਣ ਕਹੀਦਾ ਹੈ ਦੱਸੋ, ਇਸ ਦਾ ਕੀਹ ਆਸਰਾ ਹੈ?
(ਜੋ ਜੀਵਾਤਮਾ ਇਸ ਸਰੀਰ ਵਿਚ) ਬੋਲਦਾ ਤੇ ਕਲੋਲ ਕਰਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸ ਦਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ।
ਨਾਨਕ ਕਹਿੰਦਾ ਹੈ (ਜੋਗੀਆਂ ਨੇ ਪੁੱਛਿਆ) ਹੇ ਸੁਆਮੀ! ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ?
(ਉੱਤਰ:) ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਗੁਰੂ ਸ਼ਬਦ ਦੀ ਰਾਹੀਂ ਉਸ ਦੀ ਲਿਵ ਸੱਚੇ ਪ੍ਰਭੂ ਵਿਚ ਲੱਗ ਜਾਂਦੀ ਹੈ, (ਤੇ, ਪ੍ਰਭੂ) ਮੇਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਵਿਚ ਜੋੜ ਲੈਂਦਾ ਹੈ,
(ਕਿਉਂਕਿ) ਪ੍ਰਭੂ (ਉਸ ਦੇ ਦਿਲ ਦੀ) ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। (ਇਸ ਤਰ੍ਹਾਂ) ਉੱਚੀ ਕਿਸਮਤ ਕਰਕੇ (ਗੁਰਮੁਖਿ ਮਨੁੱਖ ਪ੍ਰਭੂ ਵਿਚ) ਟਿਕਿਆ ਰਹਿੰਦਾ ਹੈ ॥੫੮॥
(ਜਿਸ 'ਸ਼ਬਦ' ਦੀ ਰਾਹੀਂ "ਦੁੱਤਰ ਸਾਗਰ" ਤਰੀਦਾ ਹੈ) ਉਸ 'ਸ਼ਬਦ' ਨੂੰ ਇੱਕ-ਰਸ ਥਾਂ (ਮਿਲਿਆ ਹੋਇਆ) ਹੈ (ਭਾਵ, ਉਹ ਸ਼ਬਦ ਹਰ ਥਾਂ ਭਰਪੂਰ ਹੈ), 'ਸ਼ਬਦ' ਅਲੱਖ (ਪ੍ਰਭੂ ਦਾ ਰੂਪ) ਹੈ, ਮੈਂ ਜਿਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ।
ਜਿਵੇਂ ਅਫੁਰ ਪ੍ਰਭੂ ਦਾ ਵਾਸ (ਹਰ ਥਾਂ) ਹੈ ਤਿਵੇਂ 'ਸ਼ਬਦ' ਦਾ ਵਾਸ (ਹਰ ਥਾਂ) ਹੈ। 'ਸ਼ਬਦ' ਉਹੀ ਹੈ ਜੋ ਸੰਪੂਰਣ ਸੱਤਿਆ-ਧਾਰੀ (ਪ੍ਰਭੂ) ਹੈ (ਭਾਵ 'ਪ੍ਰਭੂ' ਤੇ ਪ੍ਰਭੂ ਦੀ ਸਿਫ਼ਤ ਦਾ 'ਸ਼ਬਦ' ਇੱਕ ਹੀ ਹਨ)।
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦੇ ਹਿਰਦੇ ਵਿਚ ਇਹ 'ਸ਼ਬਦ' ਵੱਸਦਾ ਹੈ, ਉਹ ਮਨੁੱਖ ਹਿਰਦੇ ਵਿਚੋਂ ਭਟਕਣਾ ਦੂਰ ਕਰ ਲੈਂਦਾ ਹੈ,
ਉਸ ਦਾ ਤਨ ਤੇ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ੍ਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਸਤਿਗੁਰ ਦੇ 'ਸ਼ਬਦ' ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ। (ਜੋ ਤਰਿਆ ਹੈ ਉਹ) ਇਥੇ ਉਥੇ (ਲੋਕ ਪਰਲੋਕ ਵਿਚ ਹਰ ਥਾਂ) ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ।
ਹੇ ਨਾਨਕ! ਜੋ ਮਨੁੱਖ ਇਸ 'ਸ਼ਬਦ' ਨੂੰ ਪਛਾਣ ਲੈਂਦਾ ਹੈ 'ਸ਼ਬਦ' ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਤੇ ਉਸ ਦਾ ਆਪਣਾ ਵੱਖਰਾ ਚਿਹਨ ਤੇ ਵਰਨ ਨਹੀਂ ਰਹਿ ਜਾਂਦਾ (ਭਾਵ, ਉਸ ਦਾ ਵੱਖਰਾ-ਪਨ ਮਿਟ ਜਾਂਦਾ ਹੈ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਜਾਂਦੀ ਹੈ) ॥੫੯॥
(ਉੱਤਰ:) ਹੇ ਜੋਗੀ! ਦਸ-ਉਂਗਲ-ਪ੍ਰਮਾਣ ਪ੍ਰਾਣਾਂ ਦੀ ਖ਼ੁਰਾਕ ਅਫੁਰ ਸੱਚਾ ਪ੍ਰਭੂ ਹੈ (ਭਾਵ, ਸੁਆਸ ਸੁਆਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ)।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ (ਸੁਆਸ ਸੁਆਸ ਪ੍ਰਭੂ ਦਾ ਨਾਮ) ਜਪਦਾ ਹੈ, ਉਹ ਅਸਲੀਅਤ (ਭਾਵ, ਜਗਤ ਦਾ ਮੂਲ) ਹਾਸਲ ਕਰ ਲੈਂਦਾ ਹੈ, ਉਹ ਅਲੱਖ ਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ)।
ਜਦੋਂ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਸ਼ਬਦ ਦੀ ਬਰਕਤਿ ਨਾਲ ਮਾਇਆ ਦਾ) ਤ੍ਰੈ-ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸ ਦੇ ਮਨ ਵਿਚੋਂ ਅਹੰਕਾਰ ਨਾਸ ਹੋ ਜਾਂਦਾ ਹੈ।
(ਇਸ ਤਰ੍ਹਾਂ) ਜਦੋਂ ਉਹ ਆਪਣੇ ਅੰਦਰ ਤੇ ਬਾਹਰ (ਜਗਤ ਵਿਚ) ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸ ਦਾ ਪਿਆਰ ਪ੍ਰਭੂ ਦੇ ਨਾਮ ਵਿਚ ਬਣ ਜਾਂਦਾ ਹੈ।
ਹੇ ਨਾਨਕ! ਜਦੋਂ ਅਲੱਖ ਪ੍ਰਭੂ ਆਪਣਾ ਆਪ ਲਖਾਂਦਾ ਹੈ (ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ), ਤਦੋਂ ਗੁਰਮੁਖ ਇੜਾ ਪਿੰਗੁਲਾ ਸੁਖਮਨਾ ਨੂੰ ਸਮਝ ਲੈਂਦਾ ਹੈ,
(ਭਾਵ, ਗੁਰਮੁਖਿ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗੁਲਾ ਸੁਖਮਨਾ ਦੇ ਅੱਭਿਆਸ ਤੋਂ ਉਤਾਂਹ ਹੈ, ਉਸ ਵਿਚ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਸਮਾਈਦਾ ਹੈ ॥੬੦॥
(ਪ੍ਰਸ਼ਨ:) ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਭਾਵ, ਪ੍ਰਾਣਾਂ ਦਾ ਆਸਰਾ ਕੌਣ ਹੈ?)
ਹੇ ਜੋਗੀ! ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਨੂੰ ਕੀਹ ਪ੍ਰਾਪਤ ਹੋ ਜਾਂਦਾ ਹੈ?