(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
ਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥