(ਹੇ ਪੰਡਿਤ!) ਗੁਰੂ ਦੀ ਸਰਨ ਪਿਆਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।
ਗੁਰੂ ਦੀ ਸਰਨ ਪਿਆਂ (ਮਨ ਨੂੰ ਹਉਮੈ ਦੀ) ਮੈਲ ਆ ਕੇ ਨਹੀਂ ਚੰਬੜਦੀ (ਕਿਉਂਕਿ)
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੨॥
(ਹੇ ਪੰਡਿਤ!) ਗੁਰੂ ਦੇ ਸਨਮੁਖ ਰਿਹਾਂ ਸਦਾ-ਥਿਰ ਪਰਮਾਤਮਾ ਵਿਚ ਲੀਨਤਾ ਹੋ ਜਾਂਦੀ ਹੈ (ਤੇ ਇਹੀ ਹੈ ਅਸਲੀ) ਕਰਮ ਧਰਮ।
ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਉਹ (ਆਪਣੇ ਅੰਦਰੋਂ) ਅਹੰਕਾਰ ਤੇ ਮੇਰ-ਤੇਰ ਸਾੜ ਦੇਂਦਾ ਹੈ।
ਪ੍ਰਭੂ ਦੇ ਨਾਮ ਵਿਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥
(ਹੇ ਪੰਡਿਤ! ਪਹਿਲਾਂ) ਆਪਣੇ ਮਨ ਨੂੰ ਜਗਾਓ ਤੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝੋ।
(ਹੇ ਪੰਡਿਤ! ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ, ਪਰ) ਤੁਸੀ ਲੋਕਾਂ ਨੂੰ ਸਿੱਖਿਆ ਦੇਂਦੇ ਹੋ (ਇਸ ਤਰ੍ਹਾਂ ਕਦੇ) ਕੋਈ ਮਨੁੱਖ (ਸਿੱਖਿਆ) ਨਹੀਂ ਸੁਣਦਾ।
ਗੁਰੂ ਦੀ ਸਰਨ ਪੈ ਕੇ ਤੁਸੀ ਆਪ (ਸਹੀ ਜੀਵਨ-ਰਸਤਾ) ਸਮਝੋ, ਤੁਹਾਨੂੰ ਸਦਾ ਆਤਮਕ ਆਨੰਦ ਮਿਲੇਗਾ ॥੪॥
(ਹੇ ਪੰਡਿਤ!) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਧਾਰਮਿਕ) ਵਿਖਾਵਾ ਕਰਦਾ ਹੈ, ਬੜੀ ਚਤੁਰਾਈ ਵਿਖਾਂਦਾ ਹੈ,
(ਪਰ ਜੋ ਕੁਝ ਉਹ) ਆਪ (ਅਮਲੀ ਜੀਵਨ) ਕਮਾਂਦਾ ਹੈ ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਸ ਨੂੰ ਆਤਮਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ (ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ।
ਉਹ ਸਦਾ ਬਗਲੇ ਵਾਂਗ ਹੀ ਸਮਾਧੀ ਲਾ ਕੇ ਬੈਠਦਾ ਹੈ।
ਉਹ ਤਦੋਂ ਹੀ ਪਛੁਤਾਵੇਗਾ ਜਦੋਂ ਮੌਤ ਨੇ (ਉਸ ਨੂੰ ਸਿਰੋਂ ਆ) ਫੜਿਆ ॥੬॥
(ਹੇ ਪੰਡਿਤ!) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ (ਦੰਭ ਆਦਿਕ ਤੋਂ) ਖ਼ਲਾਸੀ ਨਹੀਂ ਹੁੰਦੀ।
ਗੁਰੂ ਦੀ ਕਿਰਪਾ ਨਾਲ ਹੀ ਉਹ (ਘਟ ਘਟ ਦੀ ਜਾਣਨ ਵਾਲਾ) ਪਰਮਾਤਮਾ ਮਿਲਦਾ ਹੈ।
(ਹੇ ਪੰਡਿਤ! ਸਤਜੁਗ ਕਲਜੁਗ ਆਖ ਆਖ ਕੇ ਕਿਸੇ ਜੁਗ ਦੇ ਜ਼ਿੰਮੇ ਬੁਰਾਈ ਲਾ ਕੇ ਗ਼ਲਤੀ ਨਾਹ ਖਾਹ) ਚੌਹਾਂ ਜੁਗਾਂ ਵਿਚ ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ॥੭॥
(ਹੇ ਪੰਡਿਤ!) ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਵਾਸਤੇ ਹਰਿ-ਨਾਮ ਹੀ ਉੱਚੀ ਜਾਤਿ ਹੈ ਤੇ ਉੱਚੀ ਕੁਲ ਹੈ, ਪਰਮਾਤਮਾ ਦੇ ਨਾਮ ਵਿਚ ਉਹ ਆਪਣੀ ਇੱਜ਼ਤ ਮੰਨਦਾ ਹੈ।
ਨਾਮਿ ਦੀ ਬਰਕਤਿ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ (ਆਪਣੇ ਅੰਦਰੋਂ) ਕੱਟ ਕੇ ਪਰੇ ਰੱਖ ਦਿੱਤਾ ਹੈ।
ਹੇ ਨਾਨਕ! (ਆਖ-ਹੇ ਪੰਡਿਤ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਹੋਰ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ ॥੮॥੨॥
ਹੇ ਭਾਈ! ਇਸ ਮਨੁੱਖਾ ਜਨਮ ਦਾ ਕਰਤੱਬ ਪੜ੍ਹੋ (ਭਾਵ, ਇਹ ਸਿੱਖੋ ਕਿ ਮਨੁੱਖਾ ਜਨਮ ਵਿਚ ਜੀਵਨ ਸਫਲ ਕਰਨ ਵਾਸਤੇ ਕੀਹ ਉੱਦਮ ਕਰਨਾ ਚਾਹੀਦਾ ਹੈ)।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ ਹੈ,
ਕਿ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਸਾਥੀ ਹੈ ॥੧॥
(ਹੇ ਭਾਈ!) ਪਰਮਾਤਮਾ (ਦੀ ਸਿਫ਼ਤ-ਸਾਲਾਹ) ਪੜ੍ਹੋ, (ਆਪਣੇ) ਮਨ ਵਿਚ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰੋ,
(ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ (ਆਪਣੇ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ॥੧॥ ਰਹਾਉ ॥
(ਹੇ ਭਾਈ! ਕਿਸੇ ਧਾਰਮਿਕ) ਬਹਸ ਕਰਨ ਨਾਲ (ਜਾਂ ਕਿਸੇ ਧਰਮ ਦਾ) ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।
(ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ) ਹੋਰ ਸੁਆਦ ਵਿਚ ਪਿਆਂ ਮਨ ਆਤਮਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ (ਹਿਰਦਾ) ਆਤਮਕ ਜੀਵਨ ਤੋਂ ਸੁੰਞਾ ਹੋ ਜਾਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਸਕਦਾ ਹੈ ॥੨॥
(ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ) ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ (ਦੇ ਵਿਕਾਰ) ਨਾਲ ਮਲੀਨ (-ਮਨ) ਹੋ ਜਾਂਦਾ ਹੈ।
ਸਦਾ ਤੀਰਥ ਉਤੇ ਇਸ਼ਨਾਨ (ਭੀ) ਕਰਦਾ ਹੈ (ਪਰ ਇਸ ਤਰ੍ਹਾਂ ਇਸ ਦੇ ਮਨ ਦਾ) ਅਹੰਕਾਰ ਦੂਰ ਨਹੀਂ ਹੁੰਦਾ।
ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤ ਇਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ ॥੩॥
(ਹੇ ਭਾਈ!) ਜੇਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ ਕਾਮਾਦਿਕ) ਪੰਜਾਂ ਨੂੰ ਮਾਰ ਮੁਕਾਂਦਾ ਹੈ।
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੪॥
(ਹੇ ਭਾਈ! ਜਿਵੇਂ ਜਦੋਂ ਕੋਈ ਨਟ ਬਾਜ਼ੀ ਪਾਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ) (ਪ੍ਰਭੂ) ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ (ਜਗਤ-ਰਚਨਾ ਦਾ) ਤਮਾਸ਼ਾ ਰਚ ਦਿੱਤਾ ਹੈ।
(ਇਸ ਨੂੰ ਵੇਖ ਵੇਖ ਕੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ (ਇਸ ਤਮਾਸ਼ੇ ਨਾਲ) ਚੰਬੜ ਰਹੇ ਹਨ।
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਇਸ ਤਮਾਸ਼ੇ ਤੋਂ) ਨਿਰਲੇਪ ਰਹਿੰਦੇ ਹਨ ॥੫॥
(ਹੇ ਭਾਈ!) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ,
(ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿਚ ਹੀ ਵਿਚਰਦਾ ਹੈ।
ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥
(ਹੇ ਭਾਈ!) ਜੇਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰ ਕੇ ਹੀ ਚਤੁਰਾਈ (ਦੀਆਂ ਗੱਲਾਂ) ਕਰਦਾ ਹੈ,
(ਕਿ ਮੈਂ ਧਰਮੀ ਹਾਂ, ਪਰ ਅੰਦਰੋਂ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ,
ਉਹ ਮਨੁੱਖ ਗੁਰੂ ਦੀ ਸਰਨ ਨਾਹ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ॥੭॥
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ।
ਗ੍ਰਿਹਸਤ ਵਿਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ।
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸਰਨ ਪਏ ਰਹਿੰਦੇ ਹਨ ॥੮॥੩॥
(ਹੇ ਭਾਈ! ਜਿਸ) ਬ੍ਰਹਮਾ ਨੂੰ ਵੇਦ-ਅਭਿਆਸ ਦਾ ਰਸਤਾ ਚਲਾਣ ਵਾਲਾ ਮੰਨਿਆ ਜਾਂਦਾ ਹੈ (ਜੇਹੜਾ ਬ੍ਰਹਮਾ ਵੇਦ-ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ)
ਉਸ ਤੋਂ (ਸਾਰੇ) ਦੇਵਤੇ ਪੈਦਾ ਹੋਏ (ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ) ਮੋਹ-(ਮਾਇਆ ਦੀ) ਤ੍ਰਿਸ਼ਨਾ ਵਿਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ।
ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿਚ ਟਿਕਾਣਾ ਨਾਹ ਮਿਲਿਆ ॥੧॥
(ਹੇ ਭਾਈ!) ਸਾਨੂੰ ਪਰਮਾਤਮਾ ਨੇ (ਮਾਇਆ ਦੇ ਪ੍ਰਭਾਵ ਤੋਂ ਬਚਾ) ਲਿਆ ਹੈ, (ਪਰਮਾਤਮਾ ਨੇ ਸਾਨੂੰ) ਗੁਰੂ ਮਿਲਾ ਦਿੱਤਾ ਹੈ,
(ਜਿਸ ਗੁਰੂ ਨੇ ਸਾਡੇ ਦਿਲ ਵਿਚ) ਹਰ ਵੇਲੇ (ਪਰਮਾਤਮਾ ਦੀ) ਭਗਤੀ ਪੱਕੀ ਟਿਕਾ ਦਿੱਤੀ ਹੈ, ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ ॥੧॥ ਰਹਾਉ ॥
(ਹੇ ਭਾਈ!) ਬ੍ਰਹਮਾ ਦੀ ਰਚੀ ਹੋਈ ਬਾਣੀ (ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ) ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਰੱਖਦੀ ਹੈ (ਮਾਇਆ ਦੇ) ਜੰਜਾਲ ਵਿਚ ਹੀ ਰੱਖਦੀ ਹੈ,
(ਕਿਉਂਕਿ ਇਸ ਨੂੰ) ਪੜ੍ਹ ਕੇ (ਵਿਦਵਾਨ ਪੰਡਿਤ) ਬਹਿਸ ਹੀ ਕਰਦੇ ਹਨ, ਉਹਨਾਂ ਦੇ ਸਿਰ ਤੇ ਆਤਮਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ।