ਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਆਤਮਕ ਜੀਵਨ ਵਿਚ) ਸਫਲਤਾ ਦਿੱਤੀ ਹੈ,
(ਮੈਨੂੰ) ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ।
ਮੇਰੇ ਅੰਦਰ ਆਤਮਕ ਸੁਖ ਆਨੰਦ ਬਣ ਗਿਆ ਹੈ-ਇਹ ਹੈ ਇਸ਼ਨਾਨ (ਜੋ ਮੈਂ ਗੁਰੂ-ਸਰ ਵਿਚ ਕੀਤਾ ਹੈ)।
ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ) ॥੧॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਕੌਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
(ਉਸ ਦੀ ਜ਼ਿੰਦਗੀ ਦੇ ਰਸਤੇ ਵਿਚ) ਰਤਾ ਭਰ ਭੀ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਉਸ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤਿ ਦੂਰ ਕਰ ਲੈਂਦਾ ਹੈ।
ਵਿਕਾਰੀ ਮਨੁੱਖ ਭੀ ਗੁਰੂ ਨੂੰ ਮਿਲ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
ਜੇਹੜੇ ਭੀ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਗੁਰੂ ਦੀ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦੇ ਹਨ (ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ)
ਉਹਨਾਂ ਦੇ ਸਾਰੇ (ਪਿਛਲੇ) ਕਮਾਏ ਹੋਏ ਪਾਪ ਲਹਿ ਜਾਂਦੇ ਹਨ ॥੨॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ,
ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ।
ਉਹ ਮਨੁੱਖ (ਪ੍ਰਭੂ-ਦਰ ਤੋਂ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ
ਜੇਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੩॥
ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਆਨੰਦ-ਸਰੂਪ ਹੈ।
ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ
ਜਦੋਂ ਮਨੁੱਖ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਹੇ ਦਾਸ ਨਾਨਕ! (ਆਖ-) ਤਾਂ ਪਰਮਾਤਮਾ ਵੀ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਕਾਇਮ ਰੱਖਦਾ ਹੈ ॥੪॥੧੦॥੬੦॥
(ਜਦੋਂ) ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀਂ ਪਾਸੀਂ (ਪਸਰੀਆਂ ਹੁੰਦੀਆਂ ਹਨ), ਬਿਜਲੀ ਚਮਕ ਚਮਕ ਕੇ ਡਰਾਂਦੀ ਹੈ,
(ਜਿਸ ਇਸਤ੍ਰੀ ਦਾ) ਪਤੀ ਪਰਦੇਸ ਵਿਚ ਗਿਆ ਹੁੰਦਾ ਹੈ, (ਉਸ ਦੀ) ਸੇਜ (ਪਤੀ ਤੋਂ ਬਿਨਾ) ਸੁੰਞੀ ਹੁੰਦੀ ਹੈ, (ਉਸ ਦੀਆਂ) ਅੱਖਾਂ ਵਿਚ ਨੀਂਦ ਨਹੀਂ ਆਉਂਦੀ ॥੧॥
(ਪਤੀ ਤੋਂ ਵਿਛੁੜ ਕੇ ਘਬਰਾਈ ਹੋਈ ਉਹ ਆਖਦੀ ਹੈ-) ਹੇ ਮਾਂ! ਹੁਣ ਤਾਂ (ਪਤੀ ਵਲੋਂ) ਕੋਈ ਸਨੇਹਾ ਭੀ ਨਹੀਂ ਆਉਂਦਾ।
(ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ) ਇਕ ਕੋਹ ਪੈਂਡਾ ਹੀ ਕਰਦਾ ਸੀ ਤਦੋਂ (ਉਸ ਦੀਆਂ) ਚਾਰ ਚਿੱਠੀਆਂ ਆ ਜਾਂਦੀਆਂ ਸਨ ਰਹਾਉ॥
ਹੇ ਮਾਂ! ਮੈਨੂੰ ਭੀ ਇਹ ਸੋਹਣਾ ਪਿਆਰਾ ਲਾਲ (ਪ੍ਰਭੂ) ਕਿਵੇਂ ਭੁੱਲ ਸਕਦਾ ਹੈ? ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ।
ਮੈਂ ਭੀ (ਵਿਛੁੜੀ ਨਾਰ ਵਾਂਗ) ਕੋਠੇ ਉੱਤੇ ਚੜ੍ਹ ਕੇ (ਪਤੀ ਦਾ) ਰਾਹ ਤੱਕਦੀ ਹਾਂ, (ਮੇਰੀਆਂ ਭੀ) ਅੱਖਾਂ (ਵੈਰਾਗ-) ਨੀਰ ਨਾਲ ਭਰ ਆਈਆਂ ਹਨ ॥੨॥
ਹੇ ਮਾਂ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ,
(ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ॥੩॥
ਹੇ ਮਾਂ! ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ, ਉਸ ਦਾ ਉਹ ਸਾਰਾ (ਵਿਛੋੜੇ ਦਾ) ਦੁੱਖ ਦੂਰ ਕਰ ਦੇਂਦਾ ਹੈ।
ਨਾਨਕ ਆਖਦਾ ਹੈ- ਜਦੋਂ ਗੁਰੂ ਨੇ (ਜੀਵ-ਇਸਤ੍ਰੀ ਦੇ ਅੰਦਰੋਂ) ਹਉਮੈ ਦੀ ਕੰਧ ਢਾਹ ਦਿੱਤੀ, ਤਦੋਂ ਉਸ ਨੇ ਮਾਇਆ-ਰਹਿਤ ਦਇਆਲ (ਪ੍ਰਭੂ-ਪਤੀ) ਨੂੰ (ਆਪਣੇ ਅੰਦਰ ਹੀ) ਲੱਭ ਲਿਆ ॥੪॥
ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ, ਜਿਸ ਦੀ ਉਸ ਨੂੰ ਤਾਂਘ ਲੱਗ ਰਹੀ ਸੀ,
ਉਸ ਦਾ ਸਾਰਾ ਚਿੰਤਾ-ਫ਼ਿਕਰ ਮੁੱਕ ਜਾਂਦਾ ਹੈ।
ਹੇ ਮਾਂ! ਪ੍ਰਭੂ-ਪਾਤਿਸ਼ਾਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਰਹਾਉ ਦੂਜਾ ॥੧੧॥੬੧॥
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ।
ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ।
ਪਰ ਹੇ ਪ੍ਰਭੂ! ਮੇਰਾ ਨਾਮ 'ਗੋਬਿੰਦ ਦਾ ਭਗਤ' ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥
ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ।
ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ਰਹਾਉ॥
ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ,
ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ,
ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥
ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ?
ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ।
ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥