ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਦੇਵਗੰਧਾਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ।
(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ॥੧॥
(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।
ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥
ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?
ਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ,
ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥
(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।
ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ॥੨॥੨॥
ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।
ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥
ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।
ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।
ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥
ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।
ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥