ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।
ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥
ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।
ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,
(ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ ॥੨॥
ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।
ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।
ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।
ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥
ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;
(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ)।
ਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।
(ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।
(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।
ਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
ਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ ॥੧॥
ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।
ਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।
ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)।
(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ ॥੨॥
ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।
ਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ।)
ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।
(ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।
ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ ॥੧੬॥
ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,
(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।
ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।
ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ॥੧॥