ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।
ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥
(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।
ਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤਿ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥
ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥
ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-
ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥
ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,
(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥
ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।
ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥
ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।
ਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥
ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ।
ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥
(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ।
ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ ॥
(ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ,
ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥
(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।
ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥
(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥
ਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ।
ਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ-ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ ॥੧॥
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ,
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥ ਰਹਾਉ ॥
ਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ,
ਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ ॥੨॥
(ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ।
ਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ ॥੩॥
ਜਦੋਂ ਕਿਸੇ ਮਨੁੱਖ ਉੱਤੇ ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।