(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ।
ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥
(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ।
ਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥
ਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ।
ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ॥੧॥ ਰਹਾਉ ॥
ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।
ਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ ॥੧॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਕੋਈ ਜੀਵ ਇਹ ਨਹੀਂ ਜਾਣ ਸਕਦਾ। ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ।
ਹੇ ਨਾਨਕ! ਮੈਨੂੰ ਸਾਧ ਸੰਗਤ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ ॥੨॥੫੮॥੮੧॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ।
ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ। ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ ॥੧॥ ਰਹਾਉ ॥
(ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ। ਉਹ ਗੁਰੂ ਦੀ ਸੰਗਤ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ।
(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ)। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥
(ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ।
ਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੨॥੫੯॥੮੨॥
ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,
(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥
ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼'।
ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ)। ਮੈਂ ਅਸਲ ਖੱਟੀ ਖੱਟ ਲਈ ਹੈ ॥੧॥
ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ।
ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥
(ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਇਆ ਕਰ।
(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ॥੧॥ ਰਹਾਉ ॥
ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤ ਜੋੜੀ ਰੱਖ।
ਸਾਧ ਸੰਗਤ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ॥੧॥
ਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ।
ਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਮੈਂ ਨਾਨਕ ਤੈਥੋਂ ਸਦਕੇ ਜਾਂਦਾ ਹਾਂ ॥੨॥੬੧॥੮੪॥
ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ।
ਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥
ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ।
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥