ਉਹ ਮਨੁੱਖ ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤਿ ਨਾਲ ਮਿਲ ਪੈਂਦਾ ਹੈ,
ਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ॥੪॥੪॥੫੬॥
(ਹੇ ਭਾਈ!) ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ,
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ॥੧॥ ਰਹਾਉ ॥
(ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ,
ਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ।
ਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੩॥
(ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ।
ਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ ॥੪॥੫॥੫੭॥
(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧॥
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥
(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ।
ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ॥੨॥
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ,
(ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ॥੩॥
(ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ,
ਹੇ ਨਾਨਕ! ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ॥੪॥੬॥੫੮॥
(ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ,
(ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ ॥੧॥
(ਹੇ ਭਾਈ! ਜਗਤ ਦੇ ਅਨੇਕਾਂ ਜੀਆ-ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ।
ਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ। (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ॥੧॥ ਰਹਾਉ ॥
ਹੇ ਮੇਰੇ ਭਾਈ! ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ,
ਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ ॥੨॥
(ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ।
(ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ॥੩॥
ਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ।
(ਇਸ ਤਰ੍ਹਾਂ) ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ ॥੪॥੭॥੫੯॥
ਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ।
(ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੧॥
ਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ।
ਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ॥੧॥ ਰਹਾਉ ॥
(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ।
ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ॥੨॥
(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ।
ਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ॥੩॥
ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।
ਹੇ ਨਾਨਕ! ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ॥੪॥੮॥੬੦॥