ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 212


ਗਉੜੀ ਮਹਲਾ ੫ ॥

ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥

(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ।

ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥

ਜੇਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੧॥ ਰਹਾਉ ॥

ਜਾ ਕਉ ਗੁਰਮੁਖਿ ਰਿਦੈ ਬੁਧਿ ॥

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ,

ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥

ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ॥੧॥

ਜੋ ਜਾਨਹਿ ਹਰਿ ਪ੍ਰਭ ਧਨੀ ॥

(ਹੇ ਭਾਈ!) ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ,

ਕਿਛੁ ਨਾਹੀ ਤਾ ਕੈ ਕਮੀ ॥੨॥

ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ ॥੨॥

ਕਰਣੈਹਾਰੁ ਪਛਾਨਿਆ ॥

(ਹੇ ਭਾਈ!) ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ,

ਸਰਬ ਸੂਖ ਰੰਗ ਮਾਣਿਆ ॥੩॥

ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ॥੩॥

ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ,

ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥

ਨਾਨਕ ਆਖਦਾ ਹੈ- ਉਹਨਾਂ ਦੀ ਸੰਗਤਿ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ॥੪॥੯॥੧੪੭॥

ਗਉੜੀ ਮਹਲਾ ੫ ॥

ਗਰਬੁ ਬਡੋ ਮੂਲੁ ਇਤਨੋ ॥

ਹੇ ਜੀਵ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ।

ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥

(ਇਸ ਸੰਸਾਰ ਵਿਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ॥੧॥ ਰਹਾਉ ॥

ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥

ਹੇ ਜੀਵ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ,

ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥

ਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿਚ ਜੁਆਰੀਆ ਹਾਰਦਾ ਹੈ। ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ ॥੧॥

ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥

ਹੇ ਜੀਵ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿਚ (ਟਿਕਣ) ਤੋਂ ਤੂੰ ਸੱਖਣਾ ਹੈਂ।

ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥

ਹੇ ਨਾਨਕ! (ਆਖ-ਜੇਹੜੇ ਮਨੁੱਖ) ਸਾਧ ਸੰਗਤਿ ਵਿਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ। ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ ॥੨॥੧੦॥੧੪੮॥

ਗਉੜੀ ਮਹਲਾ ੫ ॥

ਮੋਹਿ ਦਾਸਰੋ ਠਾਕੁਰ ਕੋ ॥

ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ,

ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥

ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ ॥

ਐਸੋ ਹੈ ਰੇ ਖਸਮੁ ਹਮਾਰਾ ॥

ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ,

ਖਿਨ ਮਹਿ ਸਾਜਿ ਸਵਾਰਣਹਾਰਾ ॥੧॥

ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥

ਕਾਮੁ ਕਰੀ ਜੇ ਠਾਕੁਰ ਭਾਵਾ ॥

(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ,

ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥

ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥

ਸਰਣਿ ਪਰਿਓ ਠਾਕੁਰ ਵਜੀਰਾ ॥

(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ,

ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥

ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥

ਏਕ ਟੇਕ ਏਕੋ ਆਧਾਰਾ ॥

(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ,

ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥

ਤੇ, ਹੇ ਦਾਸ ਨਾਨਕ! (ਆਖ-ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥

ਗਉੜੀ ਮਹਲਾ ੫ ॥

ਹੈ ਕੋਈ ਐਸਾ ਹਉਮੈ ਤੋਰੈ ॥

(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਮੇਰੀ ਹਉਮੈ ਦਾ ਨਾਸ਼ ਕਰ ਦੇਵੇ,

ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥

ਅਤੇ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ ॥

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥

(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ।

ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥

(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥

ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥

(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ,

ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥

ਨਾਨਕ ਆਖਦਾ ਹੈ- (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥

ਗਉੜੀ ਮਹਲਾ ੫ ॥

ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥

ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ॥੧॥ ਰਹਾਉ ॥

ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥

ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥

ਅਕਾਲ ਪੁਰਖ ਅਗਾਧਿ ਬੋਧ ॥ ਸੁਨਤ ਜਸੋ ਕੋਟਿ ਅਘ ਖਏ ॥੨॥

ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੨॥

ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥ ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਹੇ ਨਾਨਕ! (ਆਖ-) ਉਹ ਤੇਰਾ ਹਰਿ-ਨਾਮ ਸਿਮਰਦਾ ਹੈ ॥੩॥੧੩॥੧੫੧॥

ਗਉੜੀ ਪੂਰਬੀ ਮਹਲਾ ੫ ॥

ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥

ਹੇ ਮੇਰੇ ਮਨ! ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥

ਜਿਸ ਦਿਨ ਜਿੰਦ ਦਾ ਦਾਤਾ ਸੁਖਾਂ ਦਾ ਦੇਣ ਵਾਲਾ (ਪ੍ਰਭੂ) ਜੀਵ ਨੂੰ ਵਿਸਰ ਜਾਂਦਾ ਹੈ, (ਉਸ ਦਾ) ਉਹ ਦਿਨ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥

(ਹੇ ਭਾਈ!) ਤੁਸੀ ਇਕ ਰਾਤ (ਕਿਤੇ ਸਫ਼ਰ ਵਿਚ) ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ (ਜਗਤ ਵਿਚ) ਆਏ ਹੋ ਪਰ ਇਥੇ ਕਈ ਜੁਗ ਜੀਊਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ।

ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥

(ਹੇ ਭਾਈ!) ਇਹ ਘਰ ਮਹਲ ਧਨ-ਪਦਾਰਥ-ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਰੁੱਖ ਦੀ ਛਾਂ ਵਾਂਗ ਹੈ (ਸਦਾ ਸਾਥ ਨਹੀਂ ਨਿਬਾਹੁੰਦਾ) ॥੧॥

ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥

ਇਹ ਸਰੀਰ ਮੇਰਾ ਹੈ, ਇਹ ਧਨ-ਪਦਾਰਥ ਸਾਰਾ ਮੇਰਾ ਹੈ, ਇਹ ਬਾਗ਼ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ-

ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥

(ਹੇ ਭਾਈ! ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430