ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1144


ਜਿਸੁ ਲੜਿ ਲਾਇ ਲਏ ਸੋ ਲਾਗੈ ॥

ਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ,

ਜਨਮ ਜਨਮ ਕਾ ਸੋਇਆ ਜਾਗੈ ॥੩॥

ਉਹੀ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥

ਤੇਰੇ ਭਗਤ ਭਗਤਨ ਕਾ ਆਪਿ ॥

ਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ), ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ)।

ਅਪਣੀ ਮਹਿਮਾ ਆਪੇ ਜਾਪਿ ॥

(ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ।

ਜੀਅ ਜੰਤ ਸਭਿ ਤੇਰੈ ਹਾਥਿ ॥

ਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ,

ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥

ਹੇ ਨਾਨਕ ਦੇ ਪ੍ਰਭੂ! ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ ॥੪॥੧੬॥੨੯॥

ਭੈਰਉ ਮਹਲਾ ੫ ॥

ਨਾਮੁ ਹਮਾਰੈ ਅੰਤਰਜਾਮੀ ॥

ਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ,

ਨਾਮੁ ਹਮਾਰੈ ਆਵੈ ਕਾਮੀ ॥

ਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ,

ਰੋਮਿ ਰੋਮਿ ਰਵਿਆ ਹਰਿ ਨਾਮੁ ॥

(ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ,

ਸਤਿਗੁਰ ਪੂਰੈ ਕੀਨੋ ਦਾਨੁ ॥੧॥

ਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ ॥੧॥

ਨਾਮੁ ਰਤਨੁ ਮੇਰੈ ਭੰਡਾਰ ॥

(ਪੂਰੇ ਗੁਰੂ ਦੀ ਕਿਰਪਾ ਨਾਲ) ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ,

ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥

ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ ॥੧॥ ਰਹਾਉ ॥

ਨਾਮੁ ਹਮਾਰੈ ਨਿਹਚਲ ਧਨੀ ॥

ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ।

ਨਾਮ ਕੀ ਮਹਿਮਾ ਸਭ ਮਹਿ ਬਨੀ ॥

ਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ।

ਨਾਮੁ ਹਮਾਰੈ ਪੂਰਾ ਸਾਹੁ ॥

ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ,

ਨਾਮੁ ਹਮਾਰੈ ਬੇਪਰਵਾਹੁ ॥੨॥

ਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੨॥

ਨਾਮੁ ਹਮਾਰੈ ਭੋਜਨ ਭਾਉ ॥

(ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ।

ਨਾਮੁ ਹਮਾਰੈ ਮਨ ਕਾ ਸੁਆਉ ॥

ਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ।

ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥

ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ।

ਨਾਮੁ ਲੈਤ ਅਨਹਦ ਪੂਰੇ ਨਾਦ ॥੩॥

ਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ ॥੩॥

ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥

ਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ।

ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥

ਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ।

ਧਨਵੰਤੇ ਸੇਈ ਪਰਧਾਨ ॥

ਉਹੀ ਮਨੁੱਖ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ,

ਨਾਨਕ ਜਾ ਕੈ ਨਾਮੁ ਨਿਧਾਨ ॥੪॥੧੭॥੩੦॥

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) ॥੪॥੧੭॥੩੦॥

ਭੈਰਉ ਮਹਲਾ ੫ ॥

ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥

ਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ।

ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥

ਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ।

ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥

ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।

ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥

ਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ॥੧॥

ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥

ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤ ਬਖ਼ਸ਼,

ਤੁਮੑਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥

(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥

ਹਮ ਤੇਰੇ ਜੰਤ ਤੂ ਬਜਾਵਨਹਾਰਾ ॥

ਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ।

ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥

ਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ।

ਤਉ ਪਰਸਾਦਿ ਰੰਗ ਰਸ ਮਾਣੇ ॥

ਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ।

ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥

ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ॥੨॥

ਤੁਮੑਰੀ ਕ੍ਰਿਪਾ ਤੇ ਜਪੀਐ ਨਾਉ ॥

ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,

ਸਾਧਸੰਗਿ ਤੁਮਰੇ ਗੁਣ ਗਾਉ ॥

(ਮਿਹਰ ਕਰ ਕਿ) ਮੈਂ ਸਾਧ ਸੰਗਤ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ।

ਤੁਮੑਰੀ ਦਇਆ ਤੇ ਹੋਇ ਦਰਦ ਬਿਨਾਸੁ ॥

ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,

ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥

ਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ॥੩॥

ਹਉ ਬਲਿਹਾਰਿ ਜਾਉ ਗੁਰਦੇਵ ॥

ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥

ਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ।

ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥

ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,

ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥

(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੧੮॥੩੧॥

ਭੈਰਉ ਮਹਲਾ ੫ ॥

ਸਭ ਤੇ ਊਚ ਜਾ ਕਾ ਦਰਬਾਰੁ ॥

ਜਿਸ (ਪਰਮਾਤਮਾ) ਦਾ ਦਰਬਾਰ ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਨਾਲੋਂ ਉੱਚਾ ਹੈ,

ਸਦਾ ਸਦਾ ਤਾ ਕਉ ਜੋਹਾਰੁ ॥

ਉਸ (ਪ੍ਰਭੂ-ਪਾਤਿਸ਼ਾਹ) ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ।

ਊਚੇ ਤੇ ਊਚਾ ਜਾ ਕਾ ਥਾਨ ॥

ਜਿਸ ਪ੍ਰਭੂ-ਪਾਤਿਸ਼ਾਹ ਦਾ ਮਹੱਲ ਉੱਚੇ ਤੋਂ ਉੱਚਾ ਹੈ,

ਕੋਟਿ ਅਘਾ ਮਿਟਹਿ ਹਰਿ ਨਾਮ ॥੧॥

ਉਸ ਹਰੀ-ਪਾਤਿਸ਼ਾਹ ਦੇ ਨਾਮ ਦੀ ਬਰਕਤਿ ਨਾਲ ਕ੍ਰੋੜਾਂ ਪਾਪ ਖ਼ਤਮ ਹੋ ਜਾਂਦੇ ਹਨ ॥੧॥

ਤਿਸੁ ਸਰਣਾਈ ਸਦਾ ਸੁਖੁ ਹੋਇ ॥

ਉਸ (ਪ੍ਰਭੂ) ਦੀ ਸਰਨ ਵਿਚ (ਰਹਿ ਕੇ) ਉਸ ਮਨੁੱਖ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ,

ਕਰਿ ਕਿਰਪਾ ਜਾ ਕਉ ਮੇਲੈ ਸੋਇ ॥੧॥ ਰਹਾਉ ॥

ਪ੍ਰਭੂ ਆਪ ਹੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ॥੧॥ ਰਹਾਉ ॥

ਜਾ ਕੇ ਕਰਤਬ ਲਖੇ ਨ ਜਾਹਿ ॥

ਜਿਸ ਪ੍ਰਭੂ-ਪਾਤਿਸ਼ਾਹ ਦੇ ਚੋਜ-ਤਮਾਸ਼ੇ ਸਮਝੇ ਨਹੀਂ ਜਾ ਸਕਦੇ,

ਜਾ ਕਾ ਭਰਵਾਸਾ ਸਭ ਘਟ ਮਾਹਿ ॥

ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ,

ਪ੍ਰਗਟ ਭਇਆ ਸਾਧੂ ਕੈ ਸੰਗਿ ॥

ਉਹ ਪ੍ਰਭੂ-ਪਾਤਿਸ਼ਾਹ ਗੁਰੂ ਦੀ ਸੰਗਤ ਵਿਚ ਰਿਹਾਂ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਭਗਤ ਅਰਾਧਹਿ ਅਨਦਿਨੁ ਰੰਗਿ ॥੨॥

ਉਸ ਦੇ ਭਗਤ ਹਰ ਵੇਲੇ ਪ੍ਰੇਮ ਨਾਲ ਉਸ ਦਾ ਨਾਮ ਜਪਦੇ ਰਹਿੰਦੇ ਹਨ ॥੨॥

ਦੇਦੇ ਤੋਟਿ ਨਹੀ ਭੰਡਾਰ ॥

(ਜੀਵਾਂ ਨੂੰ ਬੇਅੰਤ ਦਾਤਾਂ) ਦੇਂਦਿਆਂ ਭੀ (ਉਸ ਦੇ) ਖ਼ਜ਼ਾਨਿਆਂ ਵਿਚ ਕਮੀ ਨਹੀਂ ਹੁੰਦੀ।

ਖਿਨ ਮਹਿ ਥਾਪਿ ਉਥਾਪਨਹਾਰ ॥

ਉਹ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰਥਾ ਵਾਲਾ ਹੈ।

ਜਾ ਕਾ ਹੁਕਮੁ ਨ ਮੇਟੈ ਕੋਇ ॥

ਕੋਈ ਭੀ ਜੀਵ ਉਸ ਦਾ ਹੁਕਮ ਮੋੜ ਨਹੀਂ ਸਕਦਾ।

ਸਿਰਿ ਪਾਤਿਸਾਹਾ ਸਾਚਾ ਸੋਇ ॥੩॥

(ਦੁਨੀਆ ਦੇ) ਪਾਤਿਸ਼ਾਹਾਂ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ (ਪਾਤਿਸ਼ਾਹ) ਉਹ (ਪਰਮਾਤਮਾ) ਹੀ ਹੈ ॥੩॥

ਜਿਸ ਕੀ ਓਟ ਤਿਸੈ ਕੀ ਆਸਾ ॥

(ਦੁੱਖਾਂ ਤੋਂ ਬਚਣ ਲਈ ਅਸਾਂ ਜੀਵਾਂ ਨੂੰ) ਜਿਸ (ਪਰਮਾਤਮਾ) ਦਾ ਆਸਰਾ ਹੈ, (ਸੁਖਾਂ ਦੀ ਪ੍ਰਾਪਤੀ ਲਈ ਭੀ) ਉਸੇ ਦੀ (ਸਹਾਇਤਾ ਦੀ) ਆਸ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter