ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।
ਹੇ ਨਾਨਕ! ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ ॥੫੩॥
ਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ।
ਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤ ਵਿਚ ਲੱਭਦਾ ਹੈ ॥੫੪॥
ਉਹ (ਮਨੁੱਖ ਪਹਿਲਾਂ) ਮੱਛਰ (ਵਾਂਗ ਨਿਤਾਣਾ ਹੁੰਦਿਆਂ ਭੀ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਹੁਣ) ਚਿੱਕੜ (ਮੋਹ) ਤੋਂ ਤਰ ਜਾਂਦਾ ਹੈ,
ਲੂਲ੍ਹੇ ਸਮਾਨ (ਨਿਆਸਰਾ ਹੁੰਦਿਆਂ ਭੀ ਹੁਣ ਸੰਸਾਰ-) ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਉਸ ਅਗਿਆਨੀ) ਅੰਨ੍ਹੇ ਦਾ ਹਨੇਰਾ (ਵੀ) ਚਾਨਣ ਬਣ ਜਾਂਦਾ ਹੈ,
ਹੇ ਨਾਨਕ! ਜੋ ਮਨੁੱਖ ਸਾਧ ਸੰਗਤ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ ॥੫੫॥
ਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ,
ਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ (ਸੋਭਾ ਨਹੀਂ ਪਾਂਦਾ), ਤਿਵੇਂ, ਹੇ ਨਾਨਕ! ਧਰਮ ਤੋਂ ਸੱਖਣਾ ਵਿਸ਼ਨੂ-ਭਗਤ (ਸਮਝੋ) ॥੫੬॥
ਉਸ ਦੇ ਹੱਥ ਵਿਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ)।
ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ),
ਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ,
ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ,
ਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ ॥੫੭॥
ਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ (ਭਾਵ, ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ)।
ਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ), ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ)।
ਇਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ), ਹਉਮੈ ਦੀ ਔਖੀ ਤ੍ਰਿੱਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ)।
(ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ (ਠਾਠਾਂ ਮਾਰ ਰਿਹਾ ਹੈ), (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ।
ਹੇ ਨਾਨਕ! ਸਾਧ ਸੰਗਤ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ ॥੫੮॥
ਜਦੋਂ ਗੋਬਿੰਦ ਗੋਪਾਲ (ਜੀਵ ਉਤੇ) ਕਿਰਪਾ ਕਰਦਾ ਹੈ ਤਾਂ (ਉਸ ਦੇ) ਸਾਰੇ ਰੋਗ ਨਾਸ ਕਰ ਦੇਂਦਾ ਹੈ।
ਹੇ ਨਾਨਕ! ਸਾਧ ਸੰਗਤ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਪੂਰਨ ਪਰਮੇਸਰ ਦਾ ਆਸਰਾ ਲਿਆ ਜਾ ਸਕਦਾ ਹੈ ॥੫੯॥
ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿਚ ਵੈਰ (ਦਾ ਬੀਜ) ਹੋਵੇ,
ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ ॥੬੦॥
ਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ,
ਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ।
(ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ)।
(ਸਿੱਟਾ ਇਹ ਨਿਕਲਦਾ ਹੈ ਕਿ) ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ। ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ ॥੬੧॥
ਹੇ ਜੀਭ! ਹੇ (ਸਭ) ਰਸਾਂ ਦੇ ਜਾਣਨ ਵਾਲੀ! (ਹੇ ਚਸਕਿਆਂ ਨਾਲ ਸਾਂਝ ਪਾ ਰੱਖਣ ਵਾਲੀ! ਹੇ ਚਸਕਿਆਂ ਵਿਚ ਫਸੀ ਹੋਈ!) ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ।
ਪਰ ਪਰਮਾਤਮਾ ਦੇ ਨਾਮ (-ਸਿਮਰਨ) ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ। ਹੇ ਜੀਭ! ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ-
'ਗੋਬਿੰਦ' 'ਦਾਮੋਦਰ' 'ਮਾਧੋ'- (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) ॥੬੨॥
(ਜਿਹੜਾ) ਮਨੁੱਖ ਇਸਤ੍ਰੀ ਦੇ ਮਦ ਵਿਚ ਮਸਤਿਆ ਹੋਇਆ-
ਆਪਣੇ ਆਪ ਨੂੰ ਬਲਵਾਨ ਜਾਣ ਕੇ ਅਹੰਕਾਰ ਕਰਦਾ ਹੈ, ਤੇ (ਹੋਰਨਾਂ ਉਤੇ) ਧੱਕਾ ਕਰਦਾ ਹੈ,
ਉਹ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ, (ਇਸ ਕਰਕੇ ਉਸ ਦੀ ਹਸਤੀ) ਤੀਲੇ ਦੇ ਬਰਾਬਰ ਹੈ, ਉਸ ਦਾ ਜੀਵਨ ਫਿਟਕਾਰ-ਜੋਗ ਹੈ।
ਹੇ ਕੀੜੀ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ (ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਹੌਲਾ ਤੀਲੇ-ਸਮਾਨ ਹੈ)।
ਹੇ ਨਾਨਕ! ਅਨੇਕਾਂ ਵਾਰੀ (ਪਰਮਾਤਮਾ ਅੱਗੇ) ਨਮਸਕਾਰ ਕਰ ॥੬੩॥
ਉਹ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ, ਸੁਕੇ ਤੋਂ ਹਰਾ ਹੋ ਜਾਂਦਾ ਹੈ,
(ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ,
(ਉਸ ਦੇ ਵਾਸਤੇ) ਹਨੇਰੇ ਤੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ,
ਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ ॥੬੪॥