ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥
ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)।
ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥
(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।
ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥
ਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,
ਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥
ਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;
ਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥
(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।
ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥
ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।
ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥
ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,
ਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥
ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,
ਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥
ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,
ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥
ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,
ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥
ਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ,
ਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ।
ਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,
ਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥
(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ।
ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥
(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,
ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ;
ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,
ਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥
(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,
ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ,
ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,
ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥
(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,
ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ,
ਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ।
(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥
ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,
ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ।
ਬੇਣੀ ਆਖਦਾ ਹੈ- ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,
ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥