ਹੇ ਪ੍ਰਭੂ! ਹੇ ਹਰੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਜਿਵੇਂ ਹੋ ਸਕੇ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ॥੪੧॥
ਹੇ ਮਨ! (ਤੈਨੂੰ) ਜਨਮ ਮਰਨ ਦਾ ਗੇੜ ਨਹੀਂ ਸੁੱਝਦਾ (ਤੈਨੂੰ ਇਹ ਖ਼ਿਆਲ ਨਹੀਂ ਆਉਂਦਾ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ), (ਤੈਨੂੰ) ਪ੍ਰਭੂ ਦੀ ਹਜ਼ੂਰੀ ਭੀ ਯਾਦ ਨਹੀਂ ਆਉਂਦੀ।
ਤੂੰ (ਸਦਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ, ਤੇਰੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਆਤਮਕ ਜੀਵਨ ਵਲੋਂ ਘੁੱਪ ਹਨੇਰਾ ਹੈ।
(ਮਾਇਆ ਦੇ ਮੋਹ ਦੀ) ਨੀਂਦ ਵਿਚ ਪਿਆ ਮਨੁੱਖ ਤਦੋਂ (ਹੀ) ਹੋਸ਼ ਕਰਦਾ ਹੈ ਜਦੋਂ (ਇਸ ਦੇ) ਸਿਰ ਉੱਤੇ (ਧਰਮਰਾਜ ਦਾ) ਤਕੜਾ ਕਰਾਰਾ ਡੰਡਾ ਵੱਜਦਾ ਹੈ (ਜਦੋਂ ਮੌਤ ਆ ਦਬੋਚਦੀ ਹੈ)।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ, ਉਸ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ਲੱਭ ਲੈਂਦੇ ਹਨ।
ਹੇ ਨਾਨਕ! ਉਹ ਆਪ (ਭੀ ਵਿਕਾਰਾਂ ਵਿਚ ਗਲਣੋਂ) ਬਚ ਜਾਂਦੇ ਹਨ, ਉਹਨਾਂ ਦੇ ਪਰਵਾਰ-ਕੁਟੰਬ ਦੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪੨॥
ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਵਿਕਾਰਾਂ ਵਲੋਂ) ਮਰ ਜਾਂਦਾ ਹੈ, (ਤੇ, ਵਿਕਾਰਾਂ ਵਲੋਂ) ਮਰਿਆ ਹੋਇਆ ਉਹ ਮਨੁੱਖ (ਜਗਤ ਵਿਚ) ਸੋਭਾ ਖੱਟਦਾ ਹੈ।
ਗੁਰੂ ਦੀ ਕਿਰਪਾ ਨਾਲ ਹਰਿ-ਨਾਮ-ਰਸ ਦੀ ਰਾਹੀਂ (ਮਨੁੱਖ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ (ਭੀ) ਸਤਕਾਰ ਪ੍ਰਾਪਤ ਕਰਦਾ ਹੈ।
ਗੁਰੂ ਦੇ ਸ਼ਬਦ ਤੋਂ ਬਿਨਾ ਹਰੇਕ ਜੀਵ ਆਤਮਕ ਮੌਤੇ ਮਰਿਆ ਰਹਿੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਮਨੁੱਖਾ ਜੀਵਨ ਅਜ਼ਾਈਂ ਗਵਾ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ (ਜ਼ਿੰਦਗੀ ਦੇ) ਅਖ਼ੀਰ ਤਕ (ਆਪਣਾ ਕੋਈ ਨਾ ਕੋਈ) ਦੁੱਖ (ਹੀ) ਰੋਂਦੇ ਰਹਿੰਦੇ ਹਨ।
(ਪਰ, ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਵਾਸਤੇ) ਪਰਮਾਤਮਾ ਜੋ ਕੁਝ ਕਰਦਾ ਹੈ, ਉਹੀ ਹੁੰਦਾ ਹੈ ॥੪੩॥
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਟਿਕੀ ਰਹਿੰਦੀ ਹੈ, ਆਤਮਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ, ਉਹ ਮਨੁੱਖ (ਆਤਮਕ ਜੀਵਨ ਵਿਚ) ਕਦੇ ਕਮਜ਼ੋਰ ਨਹੀਂ ਹੁੰਦੇ।
ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਬਣੀ ਰਹਿੰਦੀ ਹੈ।
ਉਹ ਮਨੁੱਖ (ਚੰਗੇ ਮੰਦੇ ਕੰਮ ਦੀ) ਪਰਖ ਦੇ ਆਨੰਦ ਵਿਚ ਸਦਾ ਮਗਨ ਰਹਿੰਦੇ ਹਨ, (ਹਰੇਕ) ਦੁੱਖ ਵਿਚ (ਹਰੇਕ) ਸੁਖ ਵਿਚ ਉਹ ਸਦਾ ਅਡੋਲ-ਚਿੱਤ ਰਹਿੰਦੇ ਹਨ।
ਉਹਨਾਂ ਨੂੰ ਹਰ ਥਾਂ ਸਿਰਫ਼ ਸਰਬ-ਵਿਆਪਕ ਪਰਮਾਤਮਾ ਸਾਥੀ ਹੀ ਵੱਸਦਾ ਦਿੱਸਦਾ ਹੈ ॥੪੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ,
ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ) ਪਿਆਰ ਵਿਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ।
ਜਿਹੜੇ ਮਨੁੱਖ ਗੁਰੂ ਦੇ ਅਨੁਸਾਰ ਰਹਿ ਕੇ ਜੀਵਨ ਚਾਲ ਚੱਲਦੇ ਹਨ, ਉਹਨਾਂ ਨੂੰ (ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਵਿਕਾਰਾਂ ਦੀ) ਜੂਠ (ਉਸ ਦੇ ਮਨ ਤੋਂ) ਕਦੇ ਭੀ ਨਹੀਂ ਲਹਿੰਦੀ, ਭਾਵੇਂ ਉਹ ਸੌ ਵਾਰੀ (ਉਸ ਨੂੰ) ਧੋਣ ਦਾ ਜਤਨ ਕਰਦਾ ਰਹੇ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿਚ ਲੀਨ ਕਰ ਕੇ ਪਰਮਾਤਮਾ ਨੇ (ਆਪ ਆਪਣੇ ਚਰਨਾਂ ਵਿਚ) ਮਿਲਾਇਆ ਹੁੰਦਾ ਹੈ ॥੪੫॥
ਜਿਹੜਾ ਮਨੁੱਖ (ਮਾਇਆ ਆਦਿਕ ਦੀ ਖ਼ਾਤਰ ਕਿਸੇ ਹੋਰ ਨਾਲ) ਕੋਈ ਭੈੜ ਕਮਾਂਦਾ ਹੈ, ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਸਮਝਿਆ ਜਾ ਸਕਦਾ।
ਉਹ ਮਨੁੱਖ ਆਪਣੇ ਹੀ ਗੁੱਸੇ (ਦੀ ਅੱਗ) ਵਿਚ ਆਪ ਹੀ ਸੜਦਾ ਹੈ।
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ ਖ਼ਾਤਰ) ਝੱਲਾ ਹੋਇਆ ਫਿਰਦਾ ਹੈ, (ਦੁਨੀਆ ਦੇ) ਝਗੜੇ-ਝੰਬੇਲੇ ਵਿਚ (ਹੋਰਨਾਂ ਨਾਲ) ਖਹਿੰਦਾ ਰਹਿੰਦਾ ਹੈ।
(ਪਰ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਤਮਕ ਜੀਵਨ ਦੇ) ਹਰੇਕ ਭੇਤ ਨੂੰ ਸਮਝਦਾ ਹੈ।
ਹੇ ਨਾਨਕ! ਗੁਰੂ ਦੀ ਸਰਨ ਪਏ ਰਹਿਣ ਵਾਲਾ ਬੰਦਾ (ਆਪਣੇ) ਮਨ ਨਾਲ ਟਾਕਰਾ ਕਰਦਾ ਰਹਿੰਦਾ ਹੈ ॥੪੬॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ, ਜਿਨ੍ਹਾਂ ਨੇ ਸ਼ਬਦ ਵਿਚ ਆਪਣਾ ਮਨ ਨਹੀਂ ਜੋੜਿਆ,
ਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ।
ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ, ਉਹਨਾਂ ਦੇ ਅੰਦਰ ਪ੍ਰਭੂ-ਚਰਨਾਂ ਦੀ ਲਗਨ ਨਹੀਂ ਹੈ, ਪ੍ਰਭੂ ਨਾਲ ਉਹਨਾਂ ਦਾ ਪ੍ਰੇਮ-ਪਿਆਰ ਨਹੀਂ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਵਿਕਾਰਾਂ ਵਿਚ ਹੀ ਆਤਮਕ ਮੌਤ ਸਹੇੜੀ ਰੱਖਦੇ ਹਨ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
ਜਿਹੜਾ ਜਿਹੜਾ ਮਨੁੱਖ ਆਤਮਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ ਉਹ ਸਾਰੇ ਭੀ ਜਗਤ ਦੇ ਜੀਵਨ ਹਰੀ ਨੂੰ ਹਿਰਦੇ ਵਿਚ ਵਸਾ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
ਹੇ ਨਾਨਕ! ਗੁਰੂ ਦੇ ਸਨਮੁਖਿ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ (ਰੱਬੀ) ਦਰਬਾਰ ਵਿਚ ਸੋਭਾ ਖੱਟਦੇ ਹਨ ॥੪੭॥
(ਮਨੁੱਖ ਦਾ ਇਹ ਸਰੀਰ-) ਹਰਿ-ਮੰਦਰ ਪਰਮਾਤਮਾ ਨੇ (ਆਪ) ਬਣਾਇਆ ਹੈ, ਇਸ ਸਰੀਰ-ਹਰਿਮੰਦਰ ਵਿਚ ਪਰਮਾਤਮਾ ਆਪ ਵੱਸਦਾ ਹੈ।
(ਪਰ) ਗੁਰੂ ਦੀ ਮੱਤ ਤੁਰ ਕੇ (ਅੰਦਰੋਂ) ਮਾਇਆ ਦਾ ਮੋਹ ਚੰਗੀ ਤਰ੍ਹਾਂ ਸਾੜ ਕੇ (ਹੀ, ਕਿਸੇ ਭਾਗਾਂ ਵਾਲੇ ਨੇ ਅੰਦਰ-ਵੱਸਦਾ) ਪਰਮਾਤਮਾ ਲੱਭਾ ਹੈ।
ਪਰਮਾਤਮਾ ਦਾ ਨਾਮ, ਮਾਨੋ, ਨੌ ਖ਼ਜ਼ਾਨੇ ਹੈ (ਇਸ ਨੂੰ ਹਿਰਦੇ ਵਿਚ) ਸਾਂਭ ਕੇ ਰੱਖ (ਜੇ ਹਰਿ-ਨਾਮ ਸੰਭਾਲਿਆ ਜਾਏ, ਤਾਂ) ਇਸ ਸਰੀਰ-ਹਰਿਮੰਦਰ ਵਿਚ ਅਨੇਕਾਂ ਹੀ ਉੱਤਮ ਕੀਮਤੀ ਗੁਣ (ਲੱਭ ਪੈਂਦੇ) ਹਨ।
ਹੇ ਨਾਨਕ! ਸ਼ਾਬਾਸ਼ੇ ਉਹਨਾਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਗੁਰੂ ਦੀ ਸਰਨ ਪੈ ਕੇ (ਇਸ ਸਰੀਰ-ਹਰਿਮੰਦਰ ਵਿਚ ਵੱਸਦਾ) ਪਰਮਾਤਮਾ ਖੋਜ ਕੇ ਲੱਭ ਲਿਆ।
ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਇਸ ਸਰੀਰ ਕਿਲ੍ਹੇ ਨੂੰ ਸਰੀਰ ਮੰਦਰ ਨੂੰ ਖੋਜਿਆ, ਹਿਰਦੇ ਵਿਚ ਹੀ ਆਪਣੇ ਨਾਲ ਵੱਸਦਾ ਪਰਮਾਤਮਾ ਲੱਭ ਲਿਆ ॥੪੮॥
ਮਾਇਆ ਦੀ ਭਾਰੀ ਤ੍ਰਿਸ਼ਨਾ, ਮਾਇਆ ਦਾ ਲਾਲਚ ਅਤੇ ਅਨੇਕਾਂ ਵਿਕਾਰਾਂ ਵਿਚ ਫਸ ਕੇ ਆਪਣੇ ਮਨ ਦੇ ਮੁਰੀਦ ਮਨੁੱਖ ਦਸੀਂ ਪਾਸੀਂ ਭਟਕਦੇ ਫਿਰਦੇ ਹਨ।