ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਾਣੀ 'ਸਲੋਕ ਵਾਰਾਂ ਤੇ ਵਧੀਕ'। ਗੁਰੂ ਨਾਨਕ ਦੀ।
ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!)
ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)।
(ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ।) (ਵੇਖ!) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ,
ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ॥੧॥
ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ।
(ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।
ਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
ਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ।
(ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ।
ਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ।
ਹੇ ਨਾਨਕ! ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ॥੨॥
ਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ), (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ।
ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ)। ਮੈਂ (ਭੀ ਉਹਨਾਂ ਦੀ ਸੰਗਤ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ ॥੩॥
(ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ।
(ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ ॥੪॥
ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ।
ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ।
ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ) ਮੁਕਾਈ ਬੈਠਾ ਹੈ।
ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ ॥੫॥
(ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ। ਆਪਣੀਆਂ)
ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ)।
ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ,
ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੬॥
ਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ।
(ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ)।
(ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ। ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ ॥੭॥
ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ।
(ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ।