ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ,
(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ॥੩॥
ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ)।
ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੨॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ।
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ। (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੧॥
ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ।
ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
(ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ।
ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ॥੨॥
ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ)।
ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੩॥
ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੧॥੩॥
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ॥੧॥
ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤ ਵਿਚ ਮਿਲਾ।
ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ। ਹੇ ਪ੍ਰਭੂ! (ਮੈਨੂੰ ਸਾਧ-) ਸੰਗਤ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ॥੧॥ ਰਹਾਉ ॥
ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,
ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ। ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ॥੨॥
ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।
ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ॥੩॥
ਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ। ਹੇ ਹਰੀ! ਮਿਹਰ ਕਰ, ਸਾਨੂੰ ਮਿਲ।
ਹੇ ਦਾਸ ਨਾਨਕ! ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ॥੪॥੨॥੪॥
(ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ;
ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ ॥੧॥
ਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ।
ਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ। (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੧॥ ਰਹਾਉ ॥