ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ,
ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥
(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ।
ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥
ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।
ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥
ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ।
ਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥
ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ!
ਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥
ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ,
(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)।
ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ,
ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥
ਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥
ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ,
ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ।
ਪ੍ਰਭੂ ਨੂੰ ਸਦਾ ਸਿਰ ਨਿਵਾ,
ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥
ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ),
ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ,
ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ,
ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥
ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ,
ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।
(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ।
ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥
ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।
ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ,
ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ,
ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥
ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ,
ਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ,
ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ।
ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ-
(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥
ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,
ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ।
ਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,
(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥
ਰਾਗ ਰਾਮਕਲੀ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਮਾਇਆ ਤੋਂ) ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ,
ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ।