ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ।
(ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਿਲਦਾ ਹੈ। ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ।
ਜਿਸ ਦੇ ਮਨ ਵਿੱਚੋਂ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਸ ਦੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ਤੇ ਸਭ ਦੁੱਖ ਨਾਸ ਹੋ ਜਾਂਦੇ ਹਨ,
ਅਤੇ ਉਹ ਦਿਨ-ਰਾਤ, ਸਦਾ ਆਤਮਕ ਆਨੰਦ ਮਾਣਦਾ ਹੈ, ਕਿਉਂ ਕਿ ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ,
ਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ॥੩॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ।
ਪਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ।
ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ?
ਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਕਿ ਪ੍ਰਾਣ-ਪਿਆਰਾ ਮਨ ਤੋਂ ਕਦੇ ਨਾਹ ਵਿੱਸਰੇ।
ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ॥੪॥੩॥੬॥
ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ ਦਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ।
ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ,
ਤੇ ਨਾ ਤੇਰਾ ਕੋਈ ਸਾਥੀ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ।
ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ;
(ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ। (ਮਨੁੱਖ ਦੀ) ਜਿੰਦ ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ ॥੧॥
(ਹੇ ਪ੍ਰਾਣੀ!) ਤੂੰ (ਲੋਕਾਂ ਪਾਸੋਂ) ਲੁਕ ਲੁਕ ਕੇ ਵਲ-ਛਲ ਕਰਦਾ ਰਹਿੰਦਾ ਹੈਂ, ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ।
ਜਦੋਂ ਧਰਮਰਾਜ ਦਾ ਹਿਸਾਬ ਹੁੰਦਾ ਹੈ ਤਾਂ (ਮੰਦੇ ਕਰਮ ਕਰਨ ਵਾਲੇ ਇਉਂ) ਪੀੜੇ ਜਾਂਦੇ ਹਨ ਜਿਵੇਂ ਤਿਲ (ਘਾਣੀ ਵਿਚ) ਪੀੜੇ ਜਾਂਦੇ ਹਨ।
(ਪ੍ਰਾਣੀ!) ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਦੁੱਖ ਸਹਾਰਦਾ ਹੈ ਤੇ ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ।
ਜੇਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ ਬਣੀ ਫਿਰਦੀ ਹੈਂ।
ਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਮੱਥੇ ਉਤੇ ਮਾਇਆ ਦੇ ਮੋਹ ਦਾ ਹੀ ਲੇਖ ਲਿਖਿਆ ਜਾ ਰਿਹਾ ਹੈ ਤੇ (ਤਾਹੀਏਂ) ਤੂੰ ਮਾਇਆ ਦੇ ਮੋਹ ਦੀ ਭਟਕਣਾ ਵਿਚ ਫਸੀ ਰਹਿੰਦੀ ਹੈਂ ॥੨॥
ਨਾ-ਸ਼ੁਕਰਾ (ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾਹ ਜਾਣਨ ਵਾਲਾ) ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ ਤੇ (ਪ੍ਰਭੂ-ਮਿਲਾਪ ਲਈ) ਕੋਈ (ਉਸ ਦਾ) ਵਿਚੋਲਾ-ਪਨ ਨਹੀਂ ਕਰਦਾ।
ਆਖ਼ਰ ਬੜਾ ਨਿਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ,
ਤੇ ਫੜ ਕੇ ਅੱਗੇ ਲਾ ਲੈਂਦਾ ਹੈ, ਸਾਰੀ ਉਮਰ ਡਾਢੀ ਮਾਇਆ ਵਿਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ (ਉਹ ਵਿਕਾਰਾਂ ਦੀ ਸੜਨ ਵਿਚ ਹੈ, ਜਿਵੇਂ) ਸੜਦੇ-ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ।
ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸੇ ਰਹਿ ਕੇ) ਆਪਣਾ ਆਤਮਕ ਜੀਵਨ ਲੁਟਾ ਬੈਠਦਾ ਹੈ, ਆਤਮਕ ਜੀਵਨ ਦੀ ਸੂਝ ਗਵਾ ਕੇ (ਆਖ਼ਰ) ਹੱਥ ਮਲਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ (ਕਾਮਾਦਿਕ ਵਿਕਾਰਾਂ ਦੇ) ਸੰਜੋਗ ਦੇ ਕਾਰਨ (ਮਨੁੱਖ) ਕੁਰਾਹੇ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੩॥
ਹੇ ਪ੍ਰਭੂ! ਤੈਥੋਂ ਬਿਨਾ (ਵਿਕਾਰਾਂ ਦੀ ਤਪਸ਼ ਤੋਂ) ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ,
ਇੰਜ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ, ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ!
ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ! ਹੇ ਸੁਆਮੀ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਮੈਂ ਤੇਰੀ ਸਰਨ ਆਇਆ ਹਾਂ,
ਮੈਨੂੰ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ (ਵਿਚ ਡੁੱਬਣ) ਤੋਂ ਬਚਾ ਲੈ, ਹੇ ਕਰਤਾਰ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!
ਮੈਂ ਤੇਰੀ ਸਰਨ ਆਇਆ ਹਾਂ; ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼।