ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1087


ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥

(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ 'ਆਪਾ' ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ 'ਨਾਮ'-ਰੂਪ ਕੀਮਤੀ ਪਦਾਰਥ) ਮਿਲਦਾ ਹੈ।

ਮੁੋਲਿ ਅਮੁੋਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥

'ਨਾਮ' ਪਦਾਰਥ ਹੈ, ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ।

ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥

ਹੇ ਨਾਨਕ! ('ਨਾਮ' ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, 'ਆਪਾ ਗੁਰੂ ਵਿਚ ਲੀਨ ਕਰਨਾ'-ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ 'ਨਾਮ' ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ॥੧॥

ਮਃ ੪ ॥

ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥

ਜੋ ਮਨੁੱਖ 'ਨਾਮ' ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, 'ਵਾਸਨਾ' ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)।

ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥

ਸੋ, ਕਈ ਜੀਵ (ਇਹਨਾਂ 'ਵਾਸਨਾ' ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ।

ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥

ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ॥੨॥

ਪਉੜੀ ॥

ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥

(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ।

ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥

(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ।

ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥

ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ।

ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥

ਸਿਮਰਨ ਦੇ ਸੰਜਮ ਨਾਲ ਉਸ ਦੀ ਮੱਤ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥

(ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੧॥

ਸਲੋਕੁ ਮਃ ੩ ॥

ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥

ਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ) ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ,

ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥

ਸਤਸੰਗਤਿ ਕਰਦਾ ਰਹੇ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਿਆਰ ਧਾਰਨ ਕਰੇ।

ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥

ਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ,

ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥

ਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ।

ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥

ਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ ॥੧॥

ਮਃ ੪ ॥

ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥

(ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ;

ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥

ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ ॥੨॥

ਮਃ ੪ ॥

ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥

(ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ।

ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥

ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ।

ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥

ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।

ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥

ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੩॥

ਪਉੜੀ ॥

ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥

ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ,

ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥

(ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ,

ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥

ਓਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ।

ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥

ਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ।

ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥

ਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥

ਸਲੋਕੁ ਮਃ ੧ ॥

ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥

ਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ,

ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥

ਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ।

ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥

ਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ ਓਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ),

ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ ॥੧॥

ਮਃ ੩ ॥

ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥

ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,

ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥

ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।

ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ 'ਨਾਮ' ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ॥੨॥

ਪਉੜੀ ॥

ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥

ਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ,

ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥

ਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ।

ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥

(ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ)।

ਗੁਰਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430