ਰਾਗ ਮਾਰੂ ਵਿੱਚ ਭਗਤ ਜੈਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ)।
(ਇਸ ਸਿਫ਼ਤ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ॥੧॥
ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ-
ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ॥੧॥ ਰਹਾਉ ॥
ਜੈਦੇਉ ਆਖਦਾ ਹੈ ਕਿ ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ।
ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ॥੨॥੧॥
ਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।
ਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥
ਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।
ਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥
ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।
ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥
ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥
ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?
ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥
(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।
ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥
(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
ਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥
(ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ;
ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ॥੧॥
(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ?
ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਜਪ ॥੧॥ ਰਹਾਉ ॥
(ਹੇ ਪੰਡਿਤ!) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।
(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ॥੨॥
(ਹੇ ਪੰਡਿਤ!) ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ।
ਰਵਿਦਾਸ ਆਖਦਾ ਹੈ ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੨॥੧੫॥