ਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ,
ਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤ ਬਖ਼ਸ਼ ॥੧॥ ਰਹਾਉ ॥
(ਪਰਮਾਤਮਾ ਮਾਨੋ ਇਕ ਬੜਾ ਵੱਡਾ ਰਾਜਾ ਹੈ ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ।
(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ-ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ-
ਇਤਨਾ ਵੱਡਾ ਉਹ ਪਰਮਾਤਮਾ ਰਾਜਾ ਹੈ ॥੧॥
ਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ)।
(ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ), ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ), ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ।
(ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ)। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ।
(ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ,
ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ॥੨॥
(ਉਹ ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ-ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ।
ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ।
ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ,
ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ,
ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ),
ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ ॥੩॥
(ਉਹ ਪ੍ਰਭੂ ਇਕ ਐਸਾ ਰਾਜਾ ਹੈ) ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ;
ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ;
ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ,
ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ,
ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ,
ਐਸਾ ਰਾਜਾ ਹੈ ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ॥੪॥
(ਉਹ ਪ੍ਰਭੂ ਇਕ ਐਸਾ ਰਾਜਾ ਹੈ) ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ।
ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ,
ਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ।
ਨਾਮਦੇਵ ਬੇਨਤੀ ਕਰਦਾ ਹੈ- ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ,
ਸਾਰੇ ਭਗਤ ਜਿਸ ਦੇ ਝੰਡੇ ਹੇਠ (ਅਨੰਦ ਮਾਣ ਰਹੇ) ਹਨ ॥੫॥੧॥
(ਹੇ ਰਾਮ!) ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ,
ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ ॥੧॥ ਰਹਾਉ ॥
(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;
ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ॥੧॥
ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;
ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ॥੨॥
(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)
(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ॥੩॥੨॥