ਆਪਣੇ ਮਨ ਵਿਚ ਫੇਰਦੇ ਰਹਿੰਦੇ ਹਨ, ਉਹ ਪਰਮਾਤਮਾ ਦੇ ਨਾਲ (ਟਿਕੇ ਰਹਿਣ ਵਾਲੇ) ਸਾਥੀ ਬਣ ਜਾਂਦੇ ਹਨ।
ਹੇ ਨਾਨਕ! ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥੧॥੨੩॥
(ਮਨੁੱਖ ਦਾ) ਮਨ (ਸੰਸਾਰ-ਰੂਪ) ਸੰਘਣੇ ਜੰਗਲ ਵਿਚ ਭਟਕਦਾ ਰਹਿੰਦਾ ਹੈ।
(ਪਰ ਤਦੋਂ ਇਹ) ਉਮਾਹ ਵਿਚ ਆ ਕੇ (ਆਤਮਕ) ਆਨੰਦ ਨਾਲ (ਜੀਵਨ-ਚਾਲ) ਚੱਲਦਾ ਹੈ,
(ਜਦੋਂ ਇਸ ਦੇ ਅੰਦਰ) ਪਰਮਾਤਮਾ ਨੂੰ ਮਿਲਣ ਦੀ ਤਾਂਘ (ਪੈਦਾ ਹੁੰਦੀ ਹੈ) ॥੧॥ ਰਹਾਉ ॥
ਤਿੰਨ ਗੁਣਾਂ ਵਾਲੀ ਮਾਇਆ ਮੇਰੇ ਉੱਤੇ (ਭੀ) ਹੱਲਾ ਕਰਦੀ ਹੈ। (ਗੁਰੂ ਤੋਂ ਬਿਨਾ) ਮੈਂ (ਹੋਰ) ਕਿਸ ਨੂੰ ਇਹ ਤਕਲਫ਼ਿ ਦੱਸਾਂ? ॥੧॥
(ਗੁਰੂ ਦੀ ਸਰਨ ਆਉਣ ਤੋਂ ਬਿਨਾ) ਹੋਰ ਸਾਰੇ ਹੀਲੇ ਕੀਤੇ, ਪਰ ਉਹ ਹੀਲੇ (ਮਾਇਆ ਹੱਥੋਂ ਮਿਲ ਰਹੇ) ਦੁੱਖਾਂ ਨੂੰ ਦੂਰ ਨਹੀਂ ਕਰ ਸਕਦੇ।
ਹੇ ਨਾਨਕ! ਗੁਰੂ ਦੀ ਸਰਨ ਪਿਆ ਰਹੁ, ਅਤੇ ਗੋਬਿੰਦ ਦੇ ਗੁਣਾਂ ਵਿਚ ਚੁੱਭੀ ਲਾ ਕੇ (ਗੋਬਿੰਦ ਵਿਚ) ਮਿਲਿਆ ਰਹੁ ॥੨॥੨॥੨੪॥
ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ (ਹਿਰਦੇ ਨੂੰ) ਚੰਗੀ ਲੱਗਦੀ ਹੈ, ਸੁਖਦਾਈ ਲੱਗਦੀ ਹੈ।
(ਮਾਨੋ) ਹਾਹਾ ਹੂਹੂ ਗੰਧਰਬ ਅਤੇ ਸੁਰਗ ਦੀਆਂ ਮੋਹਣੀਆਂ ਇਸਤ੍ਰੀਆਂ (ਮਿਲ ਕੇ) ਆਨੰਦ ਦੇਣ ਵਾਲੇ, ਖ਼ੁਸ਼ੀ ਪੈਦਾ ਕਰਨ ਵਾਲੇ, ਰਸ-ਭਰੇ ਸੋਹਣੇ ਗੀਤ ਗਾ ਰਹੇ ਹਨ ॥੧॥ ਰਹਾਉ ॥
(ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਹਿਰਦੇ ਨੂੰ) ਚੰਗੀ ਲੱਗਦੀ ਹੈ, (ਮਾਨੋ, ਸੰਗੀਤ ਦੇ) ਗੁਣੀ-ਗਿਆਨੀ ਅਨੇਕਾਂ ਤਰੀਕਿਆਂ ਨਾਲ ਮਿੱਠੀਆਂ ਸੁਰਾਂ (ਗਾ ਰਹੇ ਹਨ, ਅਤੇ) ਕਈ ਕਿਸਮਾਂ ਦੇ ਸੋਹਣੇ (ਨਾਟਕੀ) ਰੂਪ ਵਿਖਾ ਰਹੇ ਹਨ ॥੧॥
(ਉਹ ਪਿਆਰਾ ਪ੍ਰਭੂ) ਪਹਾੜ, ਰੁੱਖ, ਧਰਤੀ, ਪਾਣੀ, ਚੌਦਾਂ ਭਵਨ (ਸਭਨਾਂ ਵਿਚ) ਨਕਾ-ਨਕ ਮੌਜੂਦ ਹੈ। ਹਰੇਕ ਸਰੀਰ ਵਿਚ ਉਸ ਸੋਹਣੇ ਲਾਲ ਦਾ ਸੋਹਣਾ ਡੇਰਾ ਪਿਆ ਹੋਇਆ ਹੈ।
ਪਰ, ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਚੰਗੀ ਸਰਧਾ ਉਪਜਦੀ ਹੈ, ਉਹ ਸਾਧ ਸੰਗਤ ਵਿਚ (ਟਿੱਕ ਕੇ) ਸੋਹਣੇ ਰਾਮ (ਦੇ ਮਿਲਾਪ) ਦਾ ਆਨੰਦ ਪ੍ਰਾਪਤ ਕਰਦਾ ਹੈ ॥੨॥੩॥੨੫॥
ਪਿਆਰੇ ਸਤਿਗੁਰੂ ਦੀ ਬਰਕਤਿ ਨਾਲ ਮੈਂ ਪ੍ਰਭੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ ਹਨ ॥੧॥ ਰਹਾਉ ॥
ਗੁਰੂ ਦਾ ਦਰਸਨ (ਸਦਾ) ਫਲਦਾਈ ਹੁੰਦਾ ਹੈ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ ਪਰਮਾਤਮਾ ਦਾ ਭੀ) ਦਰਸਨ ਕਰ ਲੈਂਦਾ ਹੈ, (ਉਸ ਦੇ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।
(ਦਰਸਨ ਕਰਨ ਵਾਲੇ ਮਨੁੱਖਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ, ਆਤਮਕ ਜੀਵਨ ਦੀ ਸੂਝ ਵਾਲੇ ਬਣ ਜਾਂਦੇ ਹਨ ॥੧॥
ਪਰਮਾਤਮਾ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।
(ਨਾਮ ਸਿਮਰਿਆਂ) ਅਸਚਰਜ ਅਸਚਰਜ ਅਸਚਰਜ ਆਤਮਕ ਅਵਸਥਾ ਬਣ ਜਾਂਦੀ ਹੈ।
(ਜਿਹੜੇ ਮਨੁੱਖ) ਗੁਰੂ ਦੇ ਚਰਨਾਂ ਉੱਤੇ ਮੱਥਾ ਰੱਖ ਕੇ ਢਹਿ ਪੈਂਦੇ ਹਨ,
ਉਹਨਾਂ ਵਾਸਤੇ, ਹੇ ਪ੍ਰਭੂ! ਸਿਰਫ਼ ਤੂੰ ਹੀ ਸਿਰਫ਼ ਤੂੰ ਹੀ ਸਹਾਰਾ ਹੁੰਦਾ ਹੈਂ।
(ਹੇ ਪ੍ਰਭੂ! ਤੇਰੇ) ਭਗਤਾਂ ਨੂੰ ਤੇਰੀ ਹੀ ਟੇਕ ਹੈ,
ਹੇ ਨਾਨਕ! ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਤੇਰੇ ਹੀ ਦਰ ਤੇ ਡਿੱਗੇ ਰਹਿੰਦੇ ਹਨ ॥੨॥੪॥੨੬॥
(ਹੇ ਨਾਮ-ਜਲ ਨਾਲ ਭਰਪੂਰ ਗੁਰੂ! ਪਰਮਾਤਮਾ ਦੀ) ਰਜ਼ਾ ਵਿਚ ਆਨੰਦ ਨਾਲ (ਨਾਮ-ਜਲ ਦੀ) ਵਰਖਾ ਕਰ।
(ਜਿਨ੍ਹਾਂ ਉਤੇ ਇਹ ਵਰਖਾ ਹੁੰਦੀ ਹੈ, ਉਹਨਾਂ ਦੇ ਅੰਦਰ) ਆਤਮਕ ਆਨੰਦ ਬਣ ਜਾਂਦੇ ਹਨ, ਉਹਨਾਂ ਦੇ ਸਾਰੇ ਭਾਗ (ਜਾਗ ਪੈਂਦੇ ਹਨ) ॥੧॥ ਰਹਾਉ ॥
ਜਿਵੇਂ ਬੱਦਲਾਂ ਦੀ ਵਰਖਾ ਨਾਲ ਮਿਲ ਕੇ ਧਰਤੀ ਦੇ ਭਾਗ ਜਾਗ ਪੈਂਦੇ ਹਨ, ਤਿਵੇਂ ਗੁਰੂ ਦੀ ਸੰਗਤ ਵਿਚ (ਮਨੁੱਖ ਦਾ) ਮਨ ਟਹਿਕ ਪੈਂਦਾ ਹੈ ॥੧॥
(ਜਿਵੇਂ) ਮੋਰ ਦੀ ਪ੍ਰੀਤ ਬੱਦਲਾਂ ਦੀ ਗਰਜ ਨਾਲ ਹੈ,
(ਜਿਵੇਂ) ਪਪੀਹੇ ਦਾ ਚਿੱਤ (ਵਰਖਾ ਦੀ) ਬੂੰਦ ਵਲ (ਪਰਤਿਆ ਰਹਿੰਦਾ ਹੈ),
ਤਿਵੇਂ (ਤੂੰ ਭੀ) ਪਰਮਾਤਮਾ ਨਾਲ (ਆਪਣੇ) ਮਨ ਦਾ ਪਿਆਰ ਜੋੜ।
ਗੁਰੂ ਨੂੰ ਮਿਲ ਕੇ ਮਾਇਆ ਦੀ ਠੱਗੀ ਦੂਰ ਕਰ ਕੇ-
ਹੇ ਨਾਨਕ! (ਮਨੁੱਖ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੨॥੫॥੨੭॥
ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰ।
ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਟਿਕਾਈ ਰੱਖ ॥੧॥ ਰਹਾਉ ॥
ਹੇ ਮਿੱਤਰ! ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਮਾਣ ਛੱਡ ਅਹੰਕਾਰ ਤਿਆਗ।
ਇਕ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੇਰੇ ਸਾਰੇ ਐਬ ਦੂਰ ਹੋ ਜਾਣਗੇ ॥੧॥
ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,
(ਉਸ ਦੇ ਅੰਦਰੋਂ) ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ ਮੁੱਕ ਜਾਂਦੀਆਂ ਹਨ,
ਸੰਤ ਜਨਾਂ ਦੇ ਚਰਨਾਂ ਵਿਚ ਜੁੜ ਕੇ-
ਹੇ ਨਾਨਕ (ਜਿਹੜਾ ਮਨੁੱਖ) ਸਦਾ ਗੋਬਿੰਦ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੬॥੨੮॥
(ਜਦੋਂ) ਪਰਮਾਤਮਾ ਦਾ ਰੂਪ ਗੁਰੂ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਪੂਰ ਗੁਰੂ (ਨਾਮ-ਜਲ ਦੀ) ਵਰਖਾ ਕਰਦਾ ਹੈ,
ਤਦੋਂ ਪ੍ਰਭੂ ਦੇ ਗੁਣ ਗਾਂਦਿਆਂ ਸੁਖ ਮਿਲਦਾ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ (ਜਿਵੇਂ 'ਮੋਰ ਬਬੀਹੇ ਬੋਲਦੇ, ਵੇਖਿ ਬੱਦਲ ਕਾਲੇ') ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਚਰਨਾਂ ਦੀ ਸਰਨ (ਪ੍ਰਾਪਤ ਹੁੰਦੀ ਹੈ, ਜੋ ਸੰਸਾਰ-) ਸਮੁੰਦਰ (ਤੋਂ ਪਾਰ ਲੰਘਣ ਲਈ) ਜਹਾਜ਼ ਹੈ। (ਗੁਰੂ ਦੀ ਕਿਰਪਾ ਨਾਲ ਆਤਮਕ ਪੈਂਡੇ ਦੇ) ਪਾਂਧੀ (ਜੀਵ) ਨੂੰ ਤਾਂਘ ਪੈਦਾ ਹੁੰਦੀ ਹੈ ॥੧॥
ਉਸ ਦਾ ਚਿੱਤ (ਨਾਮ-ਜਲ ਦੇ) ਸਰੋਵਰ (ਗੁਰੂ) ਵਲ (ਪਰਤਦਾ ਹੈ)।
ਹੇ ਨਾਨਕ! (ਜਦੋਂ ਨਾਮ-ਜਲ ਨਾਲ ਭਰਪੂਰ ਗੁਰੂ ਨਾਮ ਦੀ ਵਰਖਾ ਕਰਦਾ ਹੈ, ਤਦੋਂ) ਸੇਵਕਾਂ ਦੇ ਅੰਦਰ ਪਰਮਾਤਮਾ ਦੇ ਦਰਸਨ ਦੀ ਤਾਂਘ ਪੈਦਾ ਹੁੰਦੀ ਹੈ, ਪ੍ਰਭੂ ਮਿਹਰ ਕਰ ਕੇ (ਉਹਨਾਂ ਨੂੰ ਇਹ ਦਾਤਿ) ਦੇਂਦਾ ਹੈ ॥੨॥੭॥੨੯॥