ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ।
ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥
ਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ।
ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥
ਹੇ ਜਗਤ ਦੇ ਜੀਵਨ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੁਆਮੀ! ਹੇ ਜਗਤ ਦੇ ਈਸ਼ਵਰ! ਹੇ ਸਰਬ-ਵਿਆਪਕ! ਹੇ ਸਿਰਜਣਹਾਰ!
ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ ॥੧॥
ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ।
ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ॥੨॥
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ)।
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੩॥
ਹੇ ਰਾਮ! ਹੇ ਠਾਕੁਰ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ।
ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ॥੪॥੨॥੧੬॥੫੪॥
ਹੇ ਜਗਤ ਦੇ ਜੀਵਨ! ਹੇ ਦਾਤਾਰ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ।
(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ੍ਰ ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ॥੧॥
ਹੇ ਰਾਮ! ਹੇ ਸਦਾ ਕਾਇਮ ਰਹਿਣ ਵਾਲੇ ਹਰੀ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ।
ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ।
ਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ। ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ॥੨॥
ਹੇ ਦਇਆਲ ਪ੍ਰਭੂ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤ ਬਖ਼ਸ਼।
ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ॥੩॥
ਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ। ਅਸੀਂ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ)।
ਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ! ਮੇਰਾ ਮਨ ਮੇਰਾ ਤਨ ਮੇਰੀ ਜਿੰਦ-ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤ ਭੀ ਬਖ਼ਸ਼) ॥੪॥੩॥੧੭॥੫੫॥
ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ।
ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ॥੧॥
(ਹੇ ਭਾਈ!) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ।
ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ॥੧॥ ਰਹਾਉ ॥
ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ।