ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ।
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।
ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ॥੩॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ॥੪॥੪॥੧੫॥
(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,
ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥
ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।
(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ਰਹਾਉ॥
ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।
ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥
ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।
ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥
ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।
ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥
ਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।
ਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥
ਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।
ਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ॥
ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।
ਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥
ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।
ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥
ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।
ਨਾਨਕ ਆਖਦਾ ਹੈ- (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥
ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ।
(ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ॥੧॥
ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।
ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ॥
ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ।
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ॥੨॥
ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ।
ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ॥੩॥