(ਹੇ ਪਪੀਹੇ! ਇਹ ਨਾਮ-ਜਲ) ਸਾਰੀ ਸ੍ਰਿਸ਼ਟੀ ਵਿਚ ਛਹਬਰ ਲਾਈ ਰੱਖਦਾ ਹੈ (ਪਰ ਇਸ ਦੀ) ਬੂੰਦ (ਉਸ ਮਨੁੱਖ ਦੇ ਮੂੰਹ ਵਿਚ) ਪੈਂਦੀ ਹੈ (ਜਿਹੜਾ) ਆਤਮਕ ਅਡੋਲਤਾ ਵਿਚ ਹੈ (ਜਿਹੜਾ ਪਰਮਾਤਮਾ ਦੇ) ਪ੍ਰੇਮ ਵਿਚ (ਲੀਨ) ਹੈ।
(ਪ੍ਰਭੂ ਤੋਂ ਹੀ, ਹਰਿ-ਨਾਮ) ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ (ਤਾਹੀਏਂ ਹਰਿ-ਨਾਮ) ਜਲ ਤੋਂ ਬਿਨਾ (ਕਿਸੇ ਭੀ ਜੀਵ ਦੀ ਮਾਇਆ ਦੀ) ਤ੍ਰਿਹ ਦੂਰ ਨਹੀਂ ਹੁੰਦੀ।
ਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ) ਭੁੱਖ ਨਹੀਂ ਵਿਆਪਦੀ ॥੫੫॥
ਹੇ ਪਪੀਹੇ! (ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ!) ਆਤਮਕ ਅਡੋਲਤਾ ਵਿਚ (ਟਿਕ ਕੇ), ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ), (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ), ਤੂੰ (ਹਰੀ ਦਾ ਨਾਮ) ਜਪਿਆ ਕਰ।
ਹੇ ਪਪੀਹੇ! (ਹਰਿ-ਨਾਮ-ਬੂੰਦ ਤੋਂ ਪੈਦਾ ਹੋਣ ਵਾਲਾ) ਹਰੇਕ ਆਨੰਦ ਮੌਜੂਦ ਹੈ (ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ) ਗੁਰੂ ਨੇ (ਇਹ) ਵਿਖਾ ਦਿੱਤਾ ਹੈ।
ਜਿਹੜੇ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੂੰ ਪ੍ਰੀਤਮ-ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਦੇ ਅੰਦਰ (ਸਿਫ਼ਤ-ਸਾਲਾਹ ਦਾ ਬੱਦਲ) ਝੜੀ ਲਾ ਕੇ ਆ ਵੱਸਦਾ ਹੈ।
ਉਹਨਾਂ ਦੇ ਅੰਦਰ ਸਹਜੇ ਸਹਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ (ਉਹਨਾਂ ਦੇ ਅੰਦਰੋਂ) ਮਾਇਆ ਦੀ ਸਾਰੀ ਤ੍ਰਿਸ਼ਨਾ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ।
ਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਮੁੱਕ ਜਾਂਦਾ ਹੈ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
ਹੇ ਨਾਨਕ! ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਕੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਆਤਮਕ ਆਨੰਦ ਵਿਚ ਟਿਕੀਆਂ ਰਹਿੰਦੀਆਂ ਹਨ ॥੫੬॥
ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ ਧੁਰ ਦਰਗਾਹ ਤੋਂ (ਆਪਣੇ) ਹੁਕਮ ਅਨੁਸਾਰ (ਹੀ) ਪ੍ਰੇਰ ਕੇ (ਇੰਦਰ ਦੇਵਤੇ ਨੂੰ, ਗੁਰੂ ਨੂੰ ਸਦਾ) ਭੇਜਿਆ ਹੈ।
(ਉਸ ਦੇ ਹੁਕਮ ਵਿਚ ਹੀ) ਮਿਹਰ ਕਰ ਕੇ ਬੱਦਲ (-ਗੁਰੂ) ਡੂੰਘੀ ਝੜੀ ਲਾ ਕੇ ਵਰਖਾ ਕਰਦਾ ਹੈ।
ਜਦੋਂ ਪਪੀਹਾ (ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦਾ ਰਸੀਆ) ਨਾਮ-ਬੂੰਦ (ਆਪਣੇ) ਮੂੰਹ ਵਿਚ ਪਾਂਦਾ ਹੈ, ਤਦੋਂ ਉਸ ਦੇ ਤਨ ਵਿਚ ਆਨੰਦ ਪੈਦਾ ਹੁੰਦਾ ਹੈ।
(ਜਿਵੇਂ ਵਰਖਾ ਨਾਲ) ਧਰਤੀ ਹਰੀਆਵਲੀ ਹੋ ਜਾਂਦੀ ਹੈ, (ਉਸ ਵਿਚ) ਬਹੁਤ ਅੰਨ ਪੈਦਾ ਹੁੰਦਾ ਹੈ,
(ਤਿਵੇਂ) ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਜਗਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨ ਲੱਗ ਪੈਂਦਾ ਹੈ।
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਗੁਰੂ ਦੀ ਸਰਨ ਪਈ ਲੁਕਾਈ ਉਤੇ) ਬਖ਼ਸ਼ਸ਼ ਕਰਦਾ ਹੈ, ਮਿਹਰ ਕਰ ਕੇ ਆਪਣਾ ਹੁਕਮ ਵਰਤਾਂਦਾ ਹੈ।
ਹੇ ਜੀਵ-ਇਸਤ੍ਰੀ! ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਇਆ ਕਰ,
(ਪ੍ਰਭੂ ਦੇ) ਡਰ-ਅਦਬ ਤੋਂ ਪੈਦਾ ਹੋਈ ਆਤਮਕ ਅਡੋਲਤਾ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ, ਸਦਾ-ਥਿਰ ਹਰੀ ਵਿਚ ਸੁਰਤ ਜੋੜ ਕੇ ਟਿਕੀ ਰਿਹਾ ਕਰ।
ਹੇ ਨਾਨਕ! ਜਿਸ ਦੇ ਮਨ ਵਿਚ ਹਰਿ-ਨਾਮ ਹੀ ਟਿਕਿਆ ਰਹਿੰਦਾ ਹੈ, ਪਰਮਾਤਮਾ ਉਸ ਨੂੰ ਦਰਗਾਹ ਵਿਚ ਲੇਖੇ ਤੋਂ ਬਚਾ ਲੈਂਦਾ ਹੈ ॥੫੭॥
ਹੇ ਆਤਮਕ ਜੀਵਨ ਦੇਣ ਵਾਲੀ ਨਾਮ-ਬੂੰਦ ਦੇ ਰਸੀਏ! (ਗੁਰੂ ਨੂੰ ਛੱਡ ਕੇ) ਤੂੰ (ਤੀਰਥ-ਜਾਤ੍ਰਾ ਆਦਿਕ ਦੀ ਖ਼ਾਤਰ) ਸਾਰੀ ਧਰਤੀ ਉਤੇ ਰਟਨ ਕਰਦਾ ਫਿਰੇਂ, ਜੇ ਤੂੰ (ਮਾਨਸਕ ਸ਼ਕਤੀਆਂ ਦੀ ਮਦਦ ਨਾਲ) ਉੱਡ ਕੇ ਆਕਾਸ਼ ਵਿਚ ਭੀ ਜਾ ਪਹੁੰਚੇਂ,
(ਤਾਂ ਭੀ ਇਸ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਨਹੀਂ ਮਿਟਦੀ। ਨਾਮ-ਜਲ ਨਾਲ ਹੀ ਮਾਇਆ ਦੀ) ਭੁੱਖ ਤ੍ਰਿਹ ਮਿਟਦੀ ਹੈ (ਅਤੇ ਉਹ ਨਾਮ-) ਜਲ ਗੁਰੂ ਮਿਲਿਆਂ (ਹੀ) ਪ੍ਰਾਪਤ ਹੁੰਦਾ ਹੈ।
ਇਹ ਜਿੰਦ ਇਹ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਹੀ ਦਿੱਤਾ ਹੋਇਆ ਹੈ, ਹਰੇਕ ਦਾਤ ਉਸ ਦੇ ਹੀ ਵੱਸ ਵਿਚ ਹੈ।
(ਜੀਵਾਂ ਦੇ) ਬੋਲਣ ਤੋਂ ਬਿਨਾ ਹੀ (ਹਰੇਕ ਜੀਵ ਦੀ) ਹਰੇਕ ਲੋੜ ਉਹ ਜਾਣਦਾ ਹੈ, (ਉਸ ਨੂੰ ਛੱਡ ਕੇ) ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ?
ਹੇ ਨਾਨਕ? ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੌਜੂਦ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਹਰੇਕ ਜੀਵ ਦੇ ਅੰਦਰ ਆਤਮਕ ਜੀਵਨ ਦਾ) ਚਾਨਣ (ਉਹ ਆਪ ਹੀ) ਕਰਦਾ ਹੈ ॥੫੮॥
(ਜਿਵੇਂ ਬਸੰਤ ਰੁੱਤ ਆਉਣ ਤੇ ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ, ਤਿਵੇਂ) ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਖਿੜਾਉ ਦੀ ਰੁੱਤ ਬਣੀ ਰਹਿੰਦੀ ਹੈ।
(ਜਦੋਂ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ, ਉਸ ਦਾ ਤਨ ਉਸ ਦਾ ਮਨ (ਆਤਮਕ ਆਨੰਦ ਨਾਲ) ਖਿੜ ਪੈਂਦਾ ਹੈ ॥੫੯॥
ਹੇ ਨਾਨਕ! ਸ਼ਬਦ ਦੀ ਬਰਕਤ ਰਾਹੀਂ ਮਨੁੱਖ ਦੇ ਅੰਦਰ ਸਦਾ ਲਈ ਖਿੜਾਉ ਦੀ ਰੁੱਤ ਬਣ ਜਾਂਦੀ ਹੈ ਜਿਸ ਦੀ ਬਰਕਤਿ ਨਾਲ ਉਸ ਦਾ ਮਨ ਆਨੰਦ-ਭਰਪੂਰ ਹੋ ਜਾਂਦਾ ਹੈ।
ਜਿਸ (ਪਰਮਾਤਮਾ) ਨੇ ਹਰੇਕ ਜੀਵ ਪੈਦਾ ਕੀਤਾ ਹੈ (ਉਸ ਮਨੁੱਖ ਨੂੰ ਉਸ ਦਾ) ਨਾਮ (ਕਦੇ) ਨਹੀਂ ਭੁੱਲਦਾ ॥੬੦॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ (ਪਰਮਾਤਮਾ) ਆ ਵੱਸਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਦਾ ਸਮਾ ਬਣਿਆ ਰਹਿੰਦਾ ਹੈ।
(ਜਿਵੇਂ ਬਸੰਤ ਰੁੱਤੇ) ਸਾਰਾ ਜਗਤ ਹਰਾ-ਭਰਾ ਹੋ ਜਾਂਦਾ ਹੈ (ਤਿਵੇਂ, ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਆ ਵੱਸਦਾ ਹੈ (ਉਸ ਦਾ) ਮਨ (ਉਸ ਦਾ) ਤਨ ਖਿੜ ਪੈਂਦਾ ਹੈ ॥੬੧॥
ਹੇ ਭਾਈ ਸੁਵਖਤੇ ਘੁਸਮੁਸੇ (ਵੇਲੇ ਉੱਠ ਕੇ) ਕਿਸ ਦਾ ਸੋਹਣਾ ਨਾਮ ਲੈਣਾ ਚਾਹੀਦਾ ਹੈ?
ਉਸ ਪਰਮੇਸਰ ਦਾ ਨਾਮ ਲੈਣਾ ਚਾਹੀਦਾ ਹੈ ਜੋ (ਜੀਵਾਂ ਨੂੰ) ਪੈਦਾ ਕਰਨ ਤੇ ਨਾਸ ਕਰਨ ਦੀ ਸਮਰਥਾ ਵਾਲਾ ਹੈ ॥੬੨॥
ਹਲਟ ਭੀ (ਚੱਲਦੇ ਖੂਹ ਭੀ ਆਵਾਜ਼ ਕੱਢਦੇ ਇਉਂ ਜਾਪਦੇ ਹਨ ਕਿ) 'ਤੂੰ ਤੂੰ' ਕਰ ਰਹੇ ਹਨ, ਅਤੇ ਮਿੱਠੀ ਸੁਰ ਵਿਚ ਆਵਾਜ਼ ਕੱਢਦੇ ਹਨ (ਪਰ ਉਹ ਭਗਤੀ ਤਾਂ ਨਹੀਂ ਕਰ ਰਹੇ)।
ਮਾਲਕ-ਪ੍ਰਭੂ ਤਾਂ ਸਦਾ ਤੇਰੇ ਨਾਲ ਵੱਸਦਾ ਹੈ (ਉਸ ਅੰਦਰ-ਵੱਸਦੇ ਨੂੰ ਭੁਲਾ ਕੇ ਬਾਹਰ ਲੋਕ-ਵਿਖਾਵੇ ਲਈ) ਤੂੰ ਕਿਉਂ ਉੱਚੀ ਉੱਚੀ ਪੁਕਾਰਦਾ ਹੈਂ?
ਜਿਸ ਹਰੀ ਨੇ ਇਹ ਜਗਤ ਪੈਦਾ ਕਰ ਕੇ ਇਹ ਖੇਲ-ਤਮਾਸ਼ਾ ਬਣਾਇਆ ਹੈ, ਉਸ ਤੋਂ ਸਦਕੇ ਹੋਇਆ ਕਰ।
ਸਦਾ ਕਾਇਮ ਰਹਿਣ ਵਾਲਾ ਵਿਚਾਰ ਇਹ ਹੈ ਕਿ ਜੇ ਤੂੰ (ਆਪਣੇ ਅੰਦਰੋਂ) ਆਪਾ ਭਾਵ ਛੱਡ ਦੇਵੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਏਗਾ।
ਹਉਮੈ ਅਹੰਕਾਰ ਦੇ ਆਸਰੇ ('ਤੂੰ ਤੂੰ') ਬੋਲਦਾ (ਭੀ) ਬੇ-ਸੁਆਦਾ ਰਹਿੰਦਾ ਹੈ (ਆਤਮਕ ਜੀਵਨ ਦਾ ਹੁਲਾਰਾ ਪੈਦਾ ਨਹੀਂ ਕਰ ਸਕਦਾ)। (ਜੇ ਮੈਂ ਸਦਾ ਹਉਮੈ ਦੇ ਆਸਰੇ ਹੀ 'ਤੂੰ ਤੂੰ' ਬੋਲਦਾ ਰਹਾਂ, ਤਾਂ) ਮੈਂ ਪਰਮਾਤਮਾ ਨਾਲ ਮਿਲ ਸਕਣ ਵਾਲਾ) ਕਰਤੱਬ ਸਮਝ ਨਹੀਂ ਸਕਦਾ।
ਹੇ ਪ੍ਰਭੂ! ਜੰਗਲ, (ਜੰਗਲ ਦਾ) ਘਾਹ, ਸਾਰਾ ਜਗਤ ਤੈਨੂੰ ਹੀ ਸਿਮਰ ਰਿਹਾ ਹੈ। ਹਰੇਕ ਦਿਹਾੜਾ ਸਦਾ ਸਾਰਾ ਸਮਾ (ਤੇਰੀ ਹੀ ਯਾਦ ਵਿਚ) ਬੀਤ ਰਿਹਾ ਹੈ।
ਪਰ (ਅਨੇਕਾਂ ਹੀ ਪੰਡਿਤ ਲੋਕ) ਸੋਚਾਂ ਵਿਚਾਰਾਂ ਕਰ ਕੇ ਥੱਕਦੇ ਆ ਰਹੇ ਹਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੇ ਤੇਰਾ ਮਿਲਾਪ ਪ੍ਰਾਪਤ ਨਹੀਂ ਕੀਤਾ।