(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ।
ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।
ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
(ਤਾਂ) ਮੈਂ ਹੇ ਪ੍ਰਭੂ ਜੀ! ਨਾਮਾ ਹਾਂ। ਹੇ ਪ੍ਰਭੂ ਜੀ!
ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ॥੩॥੪॥
ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
(ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ॥੧॥
(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);
ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥
ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ।
ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥
ਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।
(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;
ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;
ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ,
ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥
(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ,
ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥
(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ।
ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ॥੨॥੨॥
ਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ।
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ॥੧॥ ਰਹਾਉ ॥
ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ।
ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ॥੧॥
ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ;
ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ॥੨॥
ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ।
(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ਭਾਵ ਆਰਤੀ ਆਦਿਕ ਦੇ ਅਡੰਬਰ ਕੂੜੇ ਹਨ। ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ॥੩॥
ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ।
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ॥੪॥੩॥