ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ ॥੪॥
ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ।
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।
ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ ॥੫॥
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ।
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ।
ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹੇ।
(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।
ਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂ) ਬਚ ਜਾਂਦੇ ਹਨ ॥੭॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ।
ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ।
ਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ ॥੮॥੧॥
ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ।
ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥
ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ।
ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ਰਹਾਉ॥
ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ।
ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ।
ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥
ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ,
ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥
ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ।
(ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ।
ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥
ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।
(ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ।
ਹੇ ਨਾਨਕ! (ਆਖ-) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥