ਰਾਗ ਗੂਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੇ (ਪ੍ਰਭੂ) ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ,
ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ ॥੧॥
ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ,
(ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ,
ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥
ਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ।
ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ॥੩॥
ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ,
ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ।
ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ।
ਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥
ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ (ਫੁਲਾਂ ਦੀ) ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ।
ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥
ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ ॥੧॥ ਰਹਾਉ ॥
ਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ;
ਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ॥੨॥
ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ)।
ਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ ॥੩॥੨॥
ਰਾਗ ਗੂਜਰੀ, ਘਰ ੩ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ;
ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ॥੧॥
ਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)।
ਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ॥੧॥ ਰਹਾਉ ॥
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ),
ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ॥੨॥
ਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ),
(ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ॥੩॥
(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ;
(ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ॥੪॥
(ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾਹ ਮਿਲਣ ਕਰ ਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਹ ਸਕਦੀ,
ਰਵਿਦਾਸ ਆਖਦਾ ਹੈ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ? ॥੫॥੧॥
ਰਾਗ ਗੂਜਰੀ, ਘਰ ੧ ਵਿੱਚ ਭਗਤ ਤ੍ਰਿਲੋਚਨ ਜੀ ਦੀ ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ,
ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ ॥੧॥