ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ,
(ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ),
ਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ ॥੧॥
ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ।
ਉਸ (ਮਨੁੱਖ) ਦੀ ਸੰਗਤ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।
ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ।
ਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ।
ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ ॥੨॥
ਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ,
ਜਿਸ ਮਨੁੱਖ ਨੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ,
ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,
ਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ।
ਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ।
ਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ ॥੪॥੩੫॥੪੮॥
ਪਰਮਾਤਮਾ ਦਾ ਨਾਮ ਜਪਦਿਆਂ (ਜ਼ਿੰਦਗੀ ਦੇ ਸਫ਼ਰ ਵਿਚ ਕਾਮਾਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।
ਪਰਮਾਤਮਾ ਦਾ ਨਾਮ ਸੁਣਦਿਆਂ (ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਨਾਮ ਜਪਣ ਵਾਲੇ ਮਨੁੱਖ ਪਾਸੋਂ) ਜਮਰਾਜ ਦੂਰੋਂ ਹੀ ਪਰੇ ਹਟ ਜਾਂਦਾ ਹੈ।
ਨਾਮ ਜਪਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,
ਅਤੇ ਪਰਮਾਤਮਾ ਦੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥
ਇਹ ਭਗਤੀ ਜ਼ਿੰਦਗੀ ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੁਕਾਵਟ ਨਹੀਂ ਪੈਣ ਦੇਂਦੀ।
ਬੜੇ ਪ੍ਰੇਮ ਨਾਲ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ, ਸਦਾ ਹਰੀ ਦਾ ਨਾਮ ਜਪਦਾ ਰਿਹਾ ਕਰ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ,
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੈਂਤ ਕੋਈ ਦੇਉ ਆਪਣਾ ਜ਼ੋਰ ਨਹੀਂ ਪਾ ਸਕਦਾ,
ਪਰਮਾਤਮਾ ਦਾ ਨਾਮ ਸਿਮਰਦਿਆਂ ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਣ ਆਤਮਕ ਜੀਵਨ ਨੂੰ ਕੁਚਲ ਨਹੀਂ ਸਕਦਾ,
ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੂਨਾਂ ਦੇ ਗੇੜ ਵਿਚ ਨਹੀਂ ਫਸਦਾ ॥੨॥
(ਜਿਹੜਾ ਭੀ ਸਮਾ ਸਿਮਰਨ ਵਿਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ) ਹਰੇਕ ਸਮਾ ਸਿਮਰਨ ਵਾਸਤੇ ਢੁਕਵਾਂ ਹੈ,
ਪਰ ਅਨੇਕਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।
ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ ਹੋਵੇ,
ਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ॥੩॥
ਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ (ਰਹਿ ਕੇ) ਜਪਿਆ ਜਾ ਸਕਦਾ ਹੈ,
(ਸਾਧ ਸੰਗਤ ਦੀ ਸਹਾਇਤਾ ਨਾਲ ਹੀ) ਪਰਮਾਤਮਾ ਦੇ ਨਾਮ ਦਾ ਪੂਰਾ ਰੰਗ (ਮਨੁੱਖ ਦੀ ਜ਼ਿੰਦਗੀ ਉਤੇ ਚੜ੍ਹਦਾ ਹੈ)।
ਹੇ ਪ੍ਰਭੂ! (ਆਪਣੇ ਦਾਸ) ਨਾਨਕ ਉਤੇ ਮਿਹਰ ਕਰ,
ਹੇ ਹਰੀ! (ਮੈਨੂੰ ਆਪਣੇ ਨਾਮ ਦੀ ਦਾਤਿ) ਦੇਹ (ਤਾ ਕਿ) ਮੈਂ (ਆਪਣੇ) ਹਰੇਕ ਸਾਹ ਦੇ ਨਾਲ (ਤੇਰਾ ਨਾਮ) ਚੇਤੇ ਕਰਦਾ ਰਹਾਂ ॥੪॥੩੬॥੪੯॥
ਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤ੍ਰ ਹੈ)।
ਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ (ਵੱਸ ਰਿਹਾ ਹੈ), ਉਹ ਆਪ ਹੀ (ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ।
ਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ (ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ।
ਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਆਸਰਾ ਲਈ ਰੱਖ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ, (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ ਦੇ) ਨੇੜੇ ਨਹੀਂ ਆਉਂਦਾ ॥੧॥ ਰਹਾਉ ॥
ਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ ਦਾ ਮੂਲ ਹੈ।
(ਉਹ ਐਸਾ ਹੈ) ਜਿਸ ਦੇ ਹੁਕਮ ਵਿਚ ਸਾਰਾ ਜਗਤ ਪ੍ਰੋਤਾ ਹੋਇਆ ਹੈ।
ਹੇ ਮਨ! ਉਹ ਆਪ ਹੀ ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ,
ਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ ॥੨॥
ਮੈਂ ਜਿਧਰ ਕਿਧਰ ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ,
ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਹੈ।
(ਉਸ ਪਰਮਾਤਮ ਦੇ) ਨਾਮ ਵਿਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
ਨਾਨਕ (ਭੀ) ਸਾਧ ਸੰਗਤ ਵਿਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ ॥੩॥
(ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ) ਜੀਵਨ-ਤੋਰੇ ਤੋਰਨਾ- ਇਹ ਸਭ ਕੁਝ ਜਿਸ ਪਰਮਾਤਮਾ ਦੇ ਵੱਸ ਵਿਚ ਹੈ।
ਉਸ ਦੇ ਘਰ ਵਿਚ (ਕਿਸੇ ਚੀਜ਼ ਦੀ) ਕੋਈ ਕਮੀ ਨਹੀਂ ਹੈ।
ਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
ਹੇ ਦਾਸ ਨਾਨਕ! ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ ॥੪॥੩੭॥੫੦॥
ਪਰਮਾਤਮਾ ਦੇ ਭਗਤਾਂ ਦੇ ਮਨ ਵਿਚ ਸਦਾ ਆਤਮਕ ਹੁਲਾਰਾ ਟਿਕਿਆ ਰਹਿੰਦਾ ਹੈ।
(ਦੁਨੀਆ ਦੇ ਡਰਾਂ, ਦੁਨੀਆ ਦੀਆਂ ਭਟਕਣਾਂ ਵਲੋਂ ਉਹਨਾਂ ਦੇ ਅੰਦਰ ਸਦਾ) ਅਡੋਲਤਾ ਰਹਿੰਦੀ ਹੈ (ਦੁਨੀਆ ਦੇ ਡਰਾਂ ਦਾ ਉਹਨਾਂ ਨੂੰ) ਚਿਤ-ਚੇਤਾ ਭੀ ਨਹੀਂ ਰਹਿੰਦਾ।