ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਿਆ ਕਰ। (ਇਸ ਤਰ੍ਹਾਂ) ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਾ ਰਹੁ। ਗੁਰੂ ਦੀ (ਦੱਸੀ) ਸੇਵਾ ਕਰਿਆ ਕਰ। ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੁ।
(ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਦਰਗਾਹ ਵਿਚ ਪਸੰਦ ਆ ਜਾਏਂਗਾ, ਮੁੜ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਵੇਂਗਾ, ਤੂੰ ਪਰਮਾਤਮਾ ਦੀ ਜੋਤਿ ਵਿਚ ਸਦਾ ਲੀਨ ਰਹੇਂਗਾ ॥੧॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਤੂੰ ਹਰ ਥਾਂ ਸੁਖੀ ਰਹੇਂਗਾ।
ਪਰਮਾਤਮਾ ਦੀ ਸਿਫ਼ਤ-ਸਾਲਾਹ ਬੜਾ ਸ੍ਰੇਸ਼ਟ ਕੰਮ ਹੈ, ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ। ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਰਹੁ, (ਇਹ ਸੇਵਾ-ਭਗਤੀ ਸਭ ਦੁੱਖਾਂ ਵਿਕਾਰਾਂ ਤੋਂ) ਬਚਾ ਲੈਂਦੀ ਹੈ ਰਹਾਉ॥
ਪਰ, ਹੇ ਭਾਈ! ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ, ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤਿ ਬਖ਼ਸ਼ ਦਿੱਤੀ, ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ।
ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ, ਉਸ ਨੇ (ਦੁਨੀਆ ਵਾਲੀ ਹੋਰ) ਬਹੁਤੀ ਚਿੰਤਾ ਭੁਲਾ ਲਈ, ਪਰਮਾਤਮਾ ਉਸ ਦਾ ਸਾਥੀ-ਮਿੱਤਰ ਬਣ ਗਿਆ ॥੨॥੨॥੮॥
ਹੇ ਭਾਈ! ਪਰਮਾਤਮਾ ਦਾ ਨਾਮ ਪੜ੍ਹਿਆ ਕਰ, ਪਰਮਾਤਮਾ ਦਾ ਨਾਮ ਲਿਖਦਾ ਰਹੁ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਹੇ ਭਾਈ! ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਹੇ ਭਾਈ! ਸੰਤੋਖੀ ਹੋ ਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਿਆ ਕਰ ॥੧॥
ਹੇ ਮਿੱਤਰ! ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿਚ ਜਪਣਾ ਚਾਹੀਦਾ ਹੈ।
ਹੇ ਮਿੱਤਰ! ਗੁਰੂ ਦੀ ਸੰਗਤਿ ਵਿਚ ਮਿਲ ਕੇ-
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਰਹਾਉ॥
ਹੇ ਭਾਈ! ਜਦੋਂ ਪਰਮਾਤਮਾ ਨੇ ਮੇਹਰ ਦੀ ਨਜ਼ਰ ਕੀਤੀ, ਤਦੋਂ ਮਨ ਵਿਚ ਉੱਦਮ ਪੈਦਾ ਹੋਇਆ, ਤਦੋਂ ਹੀ ਅਸਾਂ ਨਾਮ ਜਪਿਆ, ਤੇ, ਸਾਡੀ ਉੱਚੀ ਆਤਮਕ ਅਵਸਥਾ ਬਣ ਗਈ।
ਹੇ ਮੇਰੇ ਮਾਲਕ-ਪ੍ਰਭੂ! ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ, ਤੇਰਾ ਇਹ ਦਾਸ ਤੇਰੀ ਸਰਨ ਆ ਪਿਆ ਹੈ (ਆਪਣੇ ਦਾਸ ਨੂੰ ਨਾਮ ਜਪਣ ਦੀ ਦਾਤਿ ਬਖ਼ਸ਼) ॥੨॥੩॥੯॥
ਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕ੍ਰੋੜ ਦੇਵਤੇ, ਅਨੇਕਾਂ ਰਿਸ਼ੀ ਮੁਨੀ-ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ,
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ। (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ॥੧॥
ਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ।
ਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਉ॥
ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ ॥੨॥੪॥੧੦॥
ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ।
ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ ॥੧॥
ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ (ਗੁਰੂ-) ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ।
ਹੇ ਸੰਤ ਜਨੋ! ਪਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ ਰਹਾਉ॥
ਹੇ ਭਾਈ! ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ।
ਹੇ ਦਾਸ ਨਾਨਕ! ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ। ਹੇ ਭਾਈ! ਹੋਰ ਸਾਰਾ (ਆਸਰਾ-ਪਰਨਾ) ਛੱਡ (ਗੁਰੂ ਦੀ ਆਗਿਆ ਵਿਚ ਤੁਰ ਕੇ ਸਿਫ਼ਤ-ਸਾਲਾਹ ਕਰਿਆ ਕਰ) ਪ੍ਰਭੂ ਨੂੰ ਉਹ ਸਿਫ਼ਤ-ਸਾਲਾਹ ਹੀ ਪਿਆਰੀ ਲੱਗਦੀ ਹੈ ॥੨॥੫॥੧੧॥
ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ।
ਹੇ ਮੇਰੇ ਮਨ! ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ ॥੧॥