ਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ॥੧॥ ਰਹਾਉ ॥
(ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ।
ਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ ॥੧॥
ਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ।
ਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ ॥੨॥੮੪॥੧੦੭॥
ਹੇ ਪਾਪੀ! ਤੂੰ ਕਿਸ ਦੀ (ਭੈੜੀ) ਮੱਤ ਲੈ ਲਈ ਹੈ?
ਜਿਸ ਮਾਲਕ-ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ, ਇਹ ਸਰੀਰ ਦਿੱਤਾ, ਉਸ ਨੂੰ ਤੂੰ ਘੜੀ ਭਰ ਭੀ ਅੱਖ ਝਮਕਣ ਜਿਤਨੇ ਸਮੇ ਲਈ ਭੀ ਯਾਦ ਨਹੀਂ ਕਰਦਾ ॥੧॥ ਰਹਾਉ ॥
ਹੇ ਪਾਪੀ! ਖਾਂਦਾ ਪੀਂਦਾ ਸੌਂਦਾ ਤਾਂ ਤੂੰ ਖ਼ੁਸ਼ ਰਹਿੰਦਾ ਹੈਂ, ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈਂ।
ਜਦੋਂ ਤੂੰ ਮਾਂ ਦੇ ਪੇਟ ਵਿਚ ਸੀ, ਤਦੋਂ ਵਿਲਕਦਾ ਸੀ, ਤਦੋਂ ਤੂੰ ਗਰੀਬੜਾ ਜਿਹਾ ਬਣਿਆ ਰਹਿੰਦਾ ਸੀ ॥੧॥
ਹੇ ਪਾਪੀ! ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿਚ ਬੱਝਾ ਹੋਇਆ ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆ ਰਿਹਾ ਹੈਂ।
ਪਰਮਾਤਮਾ ਦਾ ਨਾਮ ਭੁੱਲਿਆਂ ਇਤਨੇ ਦੁੱਖ ਵਾਪਰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਹੇ ਨਾਨਕ! ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆਂ ਹੀ ਸੁਖ ਮਿਲਦਾ ਹੈ ॥੨॥੮੫॥੧੦੮॥
ਹੇ ਮਾਂ! (ਜਦੋਂ ਦਾ) ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ,
(ਉਸ ਦਾ) ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ, (ਮੇਰੇ ਅੰਦਰੋਂ) ਭੈੜੀ ਮੱਤ ਰੁੜ੍ਹ ਗਈ ਹੈ ॥੧॥ ਰਹਾਉ ॥
ਹੇ ਮਾਂ! ਉਹ ਪਰਮਾਤਮਾ ਅਥਾਹ ਹੈ ਬੇਅੰਤ ਡੂੰਘਾ ਹੈ, ਬਹੁਤ ਉੱਚਾ ਹੈ, ਕਦੇ ਨਹੀਂ ਮਰਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਜਲ ਵਿਚ ਧਰਤੀ ਵਿਚ (ਹਰ ਥਾਂ ਉਸ ਨੂੰ) ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਹੇ ਮਾਂ! ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ॥੧॥
ਹੇ ਮਾਂ! ਸਾਧ ਸੰਗਤ ਵਿਚ ਮਿਲ ਕੇ ਗਰੀਬਾਂ ਉਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸਨ ਕੀਤਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ ਜਮਾਂ ਦੀ ਭੀੜ ਵਿਚ ਨਹੀਂ ਫਸੀਦਾ ॥੨॥੮੬॥੧੦੯॥
ਹੇ ਮਾਂ! ਮੇਰਾ ਮਨ (ਪ੍ਰਭੂ ਦੇ ਦੀਦਾਰ ਵਿਚ) ਮਸਤ ਹੋ ਰਿਹਾ ਹੈ।
ਉਸ ਦਇਆ ਦੇ ਸੋਮੇ ਪ੍ਰਭੂ ਦਾ ਦਰਸਨ ਕਰ ਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ, ਮੇਰਾ ਮਨ ਪ੍ਰੇਮ-ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ ॥੧॥ ਰਹਾਉ ॥
ਹੇ ਮਾਂ! ਪਰਮਾਤਮਾ ਦਾ ਜਸ ਗਾਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਹੈ, ਉਹ ਮੁੜ (ਵਿਕਾਰਾਂ ਨਾਲ) ਕਾਲਾ ਨਹੀਂ ਹੁੰਦਾ।
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਸ ਮਨੁੱਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ, ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥
ਹੇ ਮਾਂ! ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਸਭ ਕੁਝ ਬਖ਼ਸ਼ਦਾ ਹੈ, ਉਸ ਦੇ ਅੰਦਰ (ਨਾਮ ਦੇ) ਦੀਵੇ ਦਾ ਚਾਨਣ ਹੋ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੨॥੮੭॥੧੧੦॥
ਹੇ ਮਾਂ! ਉਹ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਨੂੰ ਮਨ ਵਿਚ ਵਸਾਈ ਰੱਖ ਕੇ ਆਤਮਕ ਮੌੜ ਸਹੇੜ ਲੈਂਦੇ ਹਨ,
ਜਿਹੜੇ ਮਨੁੱਖ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ (ਸਦਾ) ਮਾਇਆ ਨਾਲ ਚੰਬੜੇ ਰਹਿੰਦੇ ਹਨ ॥੧॥ ਰਹਾਉ ॥
ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ (ਜੀਵਨ-) ਰਾਹ ਉਤੇ ਤੁਰਦੇ ਹਨ, ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ।
ਉਹਨਾਂ ਨੂੰ ਇਤਨੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਹਰੇਕ ਜੂਨ ਵਿਚ ਭਟਕਦੇ ਫਿਰਦੇ ਹਨ ॥੧॥
ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿੰਦੇ ਹਨ, ਉਹ ਧਨ ਵਾਲੇ ਹਨ, ਉਹ ਇੱਜ਼ਤ ਵਾਲੇ ਹਨ।
ਹੇ ਨਾਨਕ! (ਆਖ-ਹੇ ਮਾਂ!) ਗੁਰੂ ਦੀ ਮਿਹਰ ਨਾਲ ਉਹਨਾਂ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ਹੈ, ਉਹ ਮੁੜ ਮੁੜ ਨਾਹ ਜੰਮਦੇ ਹਨ ਨਾਹ ਮਰਦੇ ਹਨ ॥੨॥੮੮॥੧੧੧॥
ਪਰਮਾਤਮਾ ਨੇ (ਜਿਸ ਮਨੁੱਖ ਦੇ) ਮਨ ਦਾ ਖੋਟ (ਮਾਨੋ) ਕੁਹਾੜੇ ਨਾਲ ਕੱਟ ਦਿੱਤਾ,
ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਚੋਟ ਨਾਲ ਇਕ ਖਿਨ ਵਿਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ (ਕੇ ਸੁਆਹ ਹੋ) ਗਏ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਿਕ ਵਿਕਾਰਾਂ ਨੂੰ (ਆਪਣੇ ਅੰਦਰੋਂ) ਦੂਰ ਕਰ ਦੇਂਦਾ ਹੈ ਮਾਰ ਮਾਰ ਕੇ ਕੱਢ ਦੇਂਦਾ ਹੈ।