ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ ਸਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! (ਸਾਰੇ ਜਗਤ ਦਾ) ਮੂਲ ਉਹ ਅਕਾਲ ਪੁਰਖ-
ਆਪ ਹੀ (ਸਭ ਥਾਂ) ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ।
ਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ (ਆਪਣੀ ਰਜ਼ਾ ਵਿਚ) ਪ੍ਰੋ ਰਿਹਾ ਹੈ।
(ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ।
ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
ਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ ॥੧॥
ਹੇ ਭਾਈ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ।
ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ ॥੧॥ ਰਹਾਉ ॥
ਹੇ ਭਾਈ! (ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਹੋਇਆ ਰਹਿੰਦਾ ਹੈ,
(ਉਸ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
(ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ) ਸਿਫ਼ਤਾਂ ਆਖ ਆਖ ਕੇ ਅਤੇ ਸੁਰਤ ਜੋੜ ਜੋੜ ਕੇ ਸਾਰੇ ਹੀ ਥੱਕ ਜਾਂਦੇ ਹਨ,
(ਪਰ ਇਹ ਸਿਮਰਨ ਤੇ ਯਾਦ ਦੀ ਦਾਤਿ) ਜਿਸ (ਮਨੁੱਖ) ਨੂੰ (ਪਰਮਾਤਮਾ ਆਪ) ਦੇਂਦਾ ਹੈ, ਉਸ ਨੂੰ (ਹੀ) ਮਿਲਦੀ ਹੈ।
ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ ॥੨॥
ਹੇ ਭਾਈ! (ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ,
ਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ।
ਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ।
ਉਹ ਮਨੁੱਖ ਸੁਰਤ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ,
(ਤੇ, ਇਸ ਤਰ੍ਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ ॥੩॥
ਹੇ ਭਾਈ! (ਪਰਮਾਤਮਾ) ਆਪ ਹੀ (ਮਨੁੱਖ ਨੂੰ) ਸ੍ਰੇਸ਼ਟ ਬੁੱਧੀ (ਬਖ਼ਸ਼ਦਾ ਹੈ),
ਗੁਰੂ ਦੀ ਸਰਨ ਵਿਚ ਰੱਖ ਕੇ ਉੱਚਾ ਆਚਰਨ, ਸਿਫ਼ਤਿ-ਸਾਲਾਹ ਅਤੇ (ਆਪਣੇ ਗੁਣਾਂ ਦੀ) ਵਿਚਾਰ (ਬਖ਼ਸ਼ਦਾ ਹੈ)
(ਇਸ ਤਰ੍ਹਾਂ ਉਸ ਪਰਮਾਤਮਾ ਦੇ) ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ।
(ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ।
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥
ਹੇ ਭਾਈ! ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ,
(ਪਰ ਇਹ ਦਾਤ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ।
ਸੋ, ਜਿਹੜਾ ਪ੍ਰਭੂ (ਇਹ ਦਾਤਿ) ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ।
ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ,
ਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ ॥੫॥
ਹੇ ਭਾਈ! (ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ,
ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ।
ਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ।
ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।
ਸਾਰੇ ਜੀਵ ਜੰਤ ਤੇਰੀ ਸਰਨ ਹਨ।
ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ॥੬॥
ਹੇ ਭਾਈ! (ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ,
(ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ।
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾਂਦਾ ਹੈ।
ਸਦਾ-ਥਿਰ ਹਰਿ-ਨਾਮ ਦਾ ਸਿਮਰਨ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ-ਇਹ ਉਸ ਮਨੁੱਖ ਦਾ ਨਿੱਤ ਦਾ ਕਰਤੱਬ, ਨਿੱਤ ਦੀ ਕਾਰ ਹੋ ਜਾਂਦੀ ਹੈ।
ਪਰ ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ-
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ ॥੭॥
ਹੇ ਭਾਈ! (ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-
(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ।
ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
(ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ ਆਤਮਕ ਆਨੰਦ ਮਾਣਦਾ ਹੈ,
ਜਿਹੜਾ ਸਦਾ-ਥਿਰ ਹਰਿ-ਨਾਮ ਸਿਮਰਨ ਨੂੰ (ਆਪਣਾ ਰੋਜ਼ਾਨਾ) ਕਰਤੱਬ ਬਣਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੮॥
ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ।
(ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।
ਹੇ ਪ੍ਰਭੂ! (ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ।