ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ॥੨੪॥
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ,
ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ।
(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;
(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ।
(ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ),
ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ।
ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ।
(ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥
(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ;
(ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ।
ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ,
ਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ।
(ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ।
ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ।
ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ।
ਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥
(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਸਮਝਦਾ ਹੈ
ਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ।
(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ,
ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।
ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ,
ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)।
(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ,
ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ।
ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ ॥੨੭॥
ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ;
ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ;
ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ,
ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ "ਟੂਟਿ ਗਈ" ਅਤੇ "ਪਰਹਰਿ ਛਾਡਿ" ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ 'ਵਰਤਮਾਨ ਕਾਲ' Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ)।
ਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ।
(ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ।)
(ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ,
ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥
(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ।
(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।
(ਹੇ ਪਾਂਡੇ!) ਪ੍ਰਭੂ-ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ,
(ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ)।
(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ,
ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ।
(ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,
ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥
ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ);
ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ।
(ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ;
ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ।
(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ।
ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ।
ਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।
ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥
ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ;
(ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ।
ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,
ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ।
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।