ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ ॥੨॥
ਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ,
ਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ;
ਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।
ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ।
(ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੩॥
ਸਤਿਗੁਰੂ ਦਾ ਪ੍ਰਤਾਪ ਸਦਾ ਹਰੇਕ ਘਟ ਵਿਚ, ਤੇ ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿਚ ਪਰਗਟ ਹੋ ਰਿਹਾ ਹੈ।
ਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ 'ਜਸ'-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।
(ਕਈ ਮਨੁੱਖ ਗੁਰੂ ਦੇ ਜਸ-ਰੂਪ ਜਲ ਵਿਚ) ਅੰਮ੍ਰਿਤ ਵੇਲੇ ਚੁੱਭੀ ਲਾਂਦੇ ਹਨ, ਤੇ ਸੁੱਧ ਹਿਰਦੇ ਨਾਲ ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ,
ਜੋਤਿ-ਰੂਪ ਗੁਰੂ ਦਾ ਧਿਆਨ ਧਰਦੇ ਹਨ, ਅਤੇ ਪਾਰਸ-ਗੁਰੂ ਨੂੰ ਛੁਹ ਕੇ ਉਹਨਾਂ ਦਾ ਸਰੀਰ ਕੰਚਨ (ਵਤ ਸੁੱਧ) ਹੋ ਜਾਂਦਾ ਹੈ।
ਜੋ (ਗੁਰੂ) ਉਸ 'ਜਗਤ ਦੇ ਜੀਵਨ' ਤੇ 'ਜਗਤ ਦੇ ਨਾਥ' ਹਰੀ ਦਾ ਰੂਪ ਹੈ ਜੋ (ਹਰੀ) ਕਈ ਰੰਗਾਂ ਵਿਚ ਜਲਾਂ ਥਲਾਂ ਵਿਚ ਵਿਆਪਕ ਹੈ,
(ਉਸ) ਸਤਿਗੁਰੂ ਰਾਮਦਾਸ ਜੀ ਦੀ ਸੇਵਾ ਕਰੋ, (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੪॥
ਜਿਨ੍ਹਾਂ (ਮਨੁੱਖਾਂ ਨੇ) ਗੁਰੂ ਦੇ ਬਚਨ ਧ੍ਰੂ ਭਗਤ ਵਾਂਗ ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਮਨੁੱਖ ਕਾਲ (ਦੇ ਭੈ) ਤੋਂ ਬਚ ਗਏ ਹਨ।
ਭਿਆਨਕ ਸੰਸਾਰ-ਸਮੁੰਦਰ ਉਹਨਾਂ ਨੇ ਇਕ ਪਲ ਵਿਚ ਤਰ ਲਿਆ ਹੈ, ਜਗਤ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਰਚਿਆ ਹੋਇਆ (ਸਮਝਦੇ ਹਨ)।
ਉਹਨਾਂ ਦੇ ਮਨ ਦੇ ਵੱਟ ਸਤ-ਸੰਗ ਵਿਚ ਖੁਲ੍ਹਦੇ ਹਨ, ਉਹ ਪਰਮਾਨੰਦ ਮਾਣਦੇ ਹਨ ਤੇ ਗੁਰੂ ਦੀ ਬਰਕਤਿ ਨਾਲ ਉਹਨਾਂ ਦਾ ਜਸ ਪਰਗਟਦਾ ਹੈ।
(ਤਾਂ ਤੇ ਇਹੋ ਜਿਹੇ) ਸੱਚੇ ਗੁਰੂ ਨੂੰ ਮਨ ਬਚਨ ਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਇਹ ਸਤਿਗੁਰੂ ਸਭ ਤੋਂ ਉੱਚਾ ਹੈ ॥੫॥
ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ!
ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ-'ਹੇ ਲਾਲ (ਆ), ਦਹੀਂ ਚਾਉਲ ਖਾ।'
ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ।
ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ। ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ।
ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ॥੧॥੬॥
ਹੇ ਸਤਿਗੁਰੂ! ਤੇਰਾ ਹੀ ਨਾਮ 'ਰਾਮ' ਹੈ, ਤੇ ਟਿਕਾਣਾ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ ਦਾ ਕੌਣ ਹੈ? ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ।
(ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੁੰਆਂ ਨਾਲ ਚੀਰ ਕੇ ਮਾਰਿਆ ਸੀ।
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ? ਹੇ ਗੁਰੂ।
ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ॥੨॥੭॥
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ) ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ) ਤੂੰ ਹੀ ਹੈਂ, (ਜਿਸ ਦੇ) ਕੁੰਦ ਵਰਗੇ ਚਿੱਟੇ ਦੰਦ ਹਨ, (ਜੋ) ਆਪਣੀ ਪਿਆਰੀ (ਰਾਧਕਾ) ਦੇ ਨਾਲ ਹੈ; (ਜਿਸ ਦੇ) ਗਲ ਵਿਚ ਮਾਲਾ ਹੈ, ਮੋਰ ਦੇ ਖੰਭਾਂ ਦਾ ਮੁਕਟੁ (ਜਿਸ ਨੇ) ਆਪਣੇ ਮਸਤਕ ਉਤੇ ਚਾਹ ਨਾਲ (ਪਹਿਨਿਆ ਹੈ)।