(ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ ਰਹਾਉ॥
ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ), ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ)।
ਹੇ ਨਾਨਕ! (ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥੧੧॥੩੯॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ।
(ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥
ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ
ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ਰਹਾਉ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ।
ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਮਨ ਵਿਚ ਉੱਦਮ ਪੈਦਾ ਹੁੰਦਾ ਹੈ, (ਮਨੁੱਖ) ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ।
ਬੇਅੰਤ ਪ੍ਰਭੂ ਦਾ ਸਿਮਰਨ ਕਰ ਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ, ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥
ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਟਿਕਾਈ ਰੱਖ (ਨਿਮ੍ਰਤਾ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ)।
(ਜਿਸ ਨੇ ਭੀ ਇਹ ਉੱਦਮ ਕੀਤਾ ਹੈ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਗਈ, (ਉਸ ਨੇ ਆਪਣੇ ਅੰਦਰੋਂ) ਰੋਗਾਂ ਦੇ ਢੇਰ ਮਿਟਾ ਲਏ ਰਹਾਉ॥
ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰ ਕੇ ਦੱਸਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ)।
ਹੇ ਨਾਨਕ! ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ, ਉਹ ਭਗਤ-ਜਨ ਆਤਮਕ ਮੌਤ ਤੋਂ ਰਹਿਤ ਹੋ ਜਾਂਦੇ ਹਨ ॥੨॥੧੩॥੪੧॥
ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ।
(ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ ॥੧॥
ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ।
ਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ ਰਹਾਉ॥
ਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ।
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ ॥੨॥੧੪॥੪੨॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ।
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥
ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ।
ਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਰਹਾਉ॥
ਹੇ ਨਾਨਕ! (ਆਖ-ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ।
(ਸਿਫ਼ਤ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ। (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ ॥੨॥੧੫॥੪੩॥
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,
(ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ,
(ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ਰਹਾਉ॥
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,
ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥