ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 693


ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

ਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ (ਬਲੀ) ਭਰਾ ਸਨ, ਉਹ ਭੀ (ਇਹ ਮਾਣ ਕਰਦੇ ਰਹੇ ਕਿ) ਅਸਾਡੀ (ਪਾਤਸ਼ਾਹੀ) ਅਸਾਡੀ (ਪਾਤਸ਼ਾਹੀ), (ਪਾਂਡੋ ਕੀਹ ਲੱਗਦੇ ਹਨ ਇਸ ਧਰਤੀ ਦੇ?);

ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥

(ਕੁਰਖੇਤਰ ਦੇ ਜੰਗ ਵੇਲੇ) ਅਠਤਾਲੀਆਂ ਕੋਹਾਂ ਵਿਚ ਉਹਨਾਂ ਦੀ ਸੈਨਾ ਦਾ ਖਿਲਾਰ ਸੀ (ਪਰ ਕਿੱਧਰ ਗਈ ਬਾਦਸ਼ਾਹੀ ਤੇ ਕਿੱਧਰ ਗਿਆ ਉਹ ਛਤਰ? ਕੁਰਖੇਤਰ ਦੇ ਜੰਗ ਵਿਚ) ਗਿਰਝਾਂ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ ॥੨॥

ਸਰਬ ਸੁੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥

ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ,

ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

(ਉਸ ਦੇ ਮਹਿਲਾਂ ਦੇ) ਦਰਵਾਜ਼ੇ ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀਹ ਬਣਿਆ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ॥੩॥

ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥

(ਸੋ, ਅਹੰਕਾਰ ਕਿਸੇ ਚੀਜ਼ ਦਾ ਭੀ ਹੋਵੇ ਉਹ ਮਾੜਾ ਹੈ; ਅਹੰਕਾਰ ਵਿਚ ਹੀ ਆ ਕੇ) ਜਾਦਵਾਂ ਨੇ ਦੁਰਬਾਸਾ ਨਾਲ ਮਸਖ਼ਰੀ ਕੀਤੀ ਤੇ ਇਹ ਫਲ ਪਾਇਓ ਨੇ (ਕਿ ਸਾਰੀ ਕੁਲ ਹੀ ਮੁੱਕ ਗਈ)।

ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥

(ਪਰ ਸ਼ੁਕਰ ਹੈ) ਆਪਣੇ ਦਾਸ ਨਾਮਦੇਵ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ (ਮਾਣ ਤਿਆਗ ਕੇ) ਪਰਮਾਤਮਾ ਦੇ ਗੁਣ ਗਾਉਂਦਾ ਹੈ।੪।੧।ਭਾਵ: ਅਹੰਕਾਰ, ਚਾਹੇ ਕਿਸੇ ਚੀਜ਼ ਦਾ ਭੀ ਹੋਵੇ, ਮਾੜਾ ਹੈ ॥੪॥੧॥

ਦਸ ਬੈਰਾਗਨਿ ਮੋਹਿ ਬਸਿ ਕੀਨੑੀ ਪੰਚਹੁ ਕਾ ਮਿਟ ਨਾਵਉ ॥

(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ);

ਸਤਰਿ ਦੋਇ ਭਰੇ ਅੰਮ੍ਰਿਤਸਰਿ ਬਿਖੁ ਕਉ ਮਾਰਿ ਕਢਾਵਉ ॥੧॥

ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥

ਪਾਛੈ ਬਹੁਰਿ ਨ ਆਵਨੁ ਪਾਵਉ ॥

ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ,

ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥

(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥

ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥

ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ।

ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥

(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥

ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥

ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ;

ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥

ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥

ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥

ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ।

ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥

ਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥

ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥

ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ,

ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥

ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ ॥੧॥

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥

ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ ॥੧॥ ਰਹਾਉ ॥

ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥

ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ,

ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥

ਜਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੨॥

ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥

ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ;

ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੩॥

ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥

ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ,

ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥

ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੪॥

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥

(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ;

ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

(ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ ॥੫॥੩॥

ਪਹਿਲ ਪੁਰੀਏ ਪੁੰਡਰਕ ਵਨਾ ॥

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ,

ਤਾ ਚੇ ਹੰਸਾ ਸਗਲੇ ਜਨਾਂ ॥

ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ।

ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥

ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ॥੧॥

ਪਹਿਲ ਪੁਰਸਾਬਿਰਾ ॥

ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}।

ਅਥੋਨ ਪੁਰਸਾਦਮਰਾ ॥

ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ")।

ਅਸਗਾ ਅਸ ਉਸਗਾ ॥

ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ")।

ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

(ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ॥੧॥ ਰਹਾਉ ॥

ਨਾਚੰਤੀ ਗੋਪੀ ਜੰਨਾ ॥

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ,

ਨਈਆ ਤੇ ਬੈਰੇ ਕੰਨਾ ॥

(ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਤਰਕੁ ਨ ਚਾ ॥

(ਹੇ ਭਾਈ! ਇਸ ਵਿਚ) ਸ਼ੱਕ ਨਾ ਕਰ,

ਭ੍ਰਮੀਆ ਚਾ ॥

(ਇਸ ਸੰਬੰਧੀ) ਭਰਮ ਦੂਰ ਕਰ ਦੇਹ।

ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430