ਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ ॥੪॥੧॥
ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ।
ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ।
ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ ॥੧॥
ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ,
ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ਰਹਾਉ॥
ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।
(ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ।
ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ।
ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ।
ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ।
ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ ॥੩॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ।
(ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ।
ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ॥੪॥੨॥
ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ,
ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ।
ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ,
ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥
ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ਰਹਾਉ॥
ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ,
ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ।
ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ।
ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥
ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ।
(ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥
ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ।
ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ।
ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ,
ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ ॥੧॥
ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ਰਹਾਉ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਸਰਨ ਪੈ ਕੇ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ।
ਉਹ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ, ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਟਿਕਾਈ ਰੱਖਦੇ ਹਨ।
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹ ਆਤਮਕ ਹੁਲਾਰਿਆਂ ਵਿਚ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ॥੨॥
(ਹੇ ਭਾਈ! ਫਿਰ ਭੀ,) ਸਦਾ-ਥਿਰ ਪ੍ਰਭੂ ਨਾਲ ਮਿਲਾਪ ਦਾ ਚਾਹਵਾਨ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝੋ।
(ਜੇਹੜਾ ਕੋਈ ਮਿਲਾਪ ਦਾ ਚਾਹਵਾਨ ਹੁੰਦਾ ਹੈ, ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਆਤਮਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ।
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦੀ ਪੂੰਜੀ (ਆਪਣੇ ਅੰਦਰ ਸਾਂਭ ਕੇ ਰੱਖਦਾ ਹੈ), ਉਹ ਮਨੁੱਖ ਸਦਾ ਸਾਥ ਨਿਬਾਹੁਣ ਵਾਲਾ (ਹਰਿ-ਨਾਮ ਸਿਮਰਨ ਦਾ) ਵਪਾਰ ਕਰਦਾ ਹੈ।
ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿਚ ਪੈ ਜਾਂਦਾ ਹੈ ॥੩॥
ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੇ ਕਈ (ਮਨੁੱਖਾਂ) ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਿਆ ਹੋਇਆ ਹੈ,
ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ, ਤੇ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ।