ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!
ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥
ਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।
ਜਦੋਂ ਸੰਤ ਜਨ ਮੇਰੇ ਉੱਤੇ ਤ੍ਰੁੱਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ ॥੧॥ ਰਹਾਉ ॥
ਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ।
ਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ-ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ ॥੧॥
ਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।
ਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਨਾਨਕ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ ॥੨॥੬॥੨੯॥
(ਜਦੋਂ ਤੋਂ ਸਾਧ ਸੰਗਤ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ,
ਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ ॥੧॥ ਰਹਾਉ ॥
ਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।
ਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ ॥੧॥
ਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ।
ਹੇ ਨਾਨਕ! ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ ॥੨॥੭॥੩੦॥
ਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।
ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥
ਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।
ਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥
ਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ।
(ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ। ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ ॥੧॥ ਰਹਾਉ ॥
ਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ।
(ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ ॥੧॥
(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ।
ਹੇ ਦਾਸ ਨਾਨਕ! ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ ॥੨॥੯॥੩੨॥
ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।
ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥
ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।
ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥
ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।