(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ।
ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ।
ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ,
ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ॥੧॥
(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ?
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ।
ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ।
ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ॥੨॥
ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ।
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ।
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ।
(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ॥੩॥
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ।
ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ।
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ,
ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ॥੪॥੧੩॥੮੨॥
(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ।
(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ।
(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ।
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥
ਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ।
ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ ॥੧॥ ਰਹਾਉ ॥
(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਸਕਦਾ ਹਾਂ।
ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ।
(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ।
ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥
ਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ।
ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ।
ਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ।
ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ॥੩॥
(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ।
ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ।
(ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ,
ਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥
(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ,
(ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ।
ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ,
ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ॥੧॥
ਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।
ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ॥੧॥ ਰਹਾਉ ॥
ਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ।
(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ।
(ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ।
(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ॥੨॥
ਹੇ (ਮੇਰੀ) ਜੀਭ! ਅੱਠੇ ਪਹਰ ਸਿਮਰਨ ਕਰ,
ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ।
(ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ।
ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ ॥੩॥
(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ,
ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ।
(ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ,
ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ ॥੪॥੧੫॥੮੪॥
(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ।