ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,
(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,
(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,
ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।
ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,
ਬੇ-ਮੁਰਾਦ ਹੋ ਕੇ ਨਹੀਂ ਜਾਂਦਾ।
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;
ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥
ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,
ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।
ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,
ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।
ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।
ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,
ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।
ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥
ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,
ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।
ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)
ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।
ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
ਤੇ ਬਹੁਤ ਵੱਡੀ ਹੈ।
ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,
(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥
(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),
(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,
ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)
ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।
ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,
ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।
ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,
ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।
(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,
ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।
ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,
ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥
ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)
ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)
ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)
ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,
(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।
ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,
(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।
ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;
ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।
ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)
ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।
ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,