ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥
ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,
ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ ॥
ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,
ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥
ਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),
ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥
ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।
ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ ॥
ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।
ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;
ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥
ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,
ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ ॥
ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,
ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥
ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,
(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥
ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।
ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥
ਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;
ਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥
ਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?
ਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ ॥
ਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)
(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥
(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?
ਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;
(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥