(ਹੇ ਭਾਈ!) ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?)
ਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ॥੧॥
ਪਉੜੀ
(ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ,
(ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ।
ਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ।
ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ।
ਵੇਖੋ! ਗਿਆਨਵਾਨ ਹੋਣ, ਸੁਰਤ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ।
ਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ।
ਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ।
ਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ ॥੧੯॥
ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ।
ਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ ॥੧॥
ਪਉੜੀ
(ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,
ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ। ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ।
ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ।
ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ।
ਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ।
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
ਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮ੍ਰਿਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ)
ਹੇ ਨਾਨਕ! ਜਿਸ ਨੂੰ ਗੁਰੂ ਨੇ ਹਰੀ-ਨਾਮ ਦੀ ਦਾਤ ਦੇ ਦਿੱਤੀ ॥੨੦॥
(ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ।
ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥
ਪਉੜੀ
ਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ,
ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।
(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤ ਉਹਨਾਂ ਨੇ ਹੀ ਜੋੜੀ,
ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤ ਦਿੱਤੀ।
ਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ।
(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ।
(ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ,
ਹੇ ਨਾਨਕ! ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ ॥੨੧॥
(ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ।
ਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ ॥੧॥
ਪਉੜੀ
ਜਦੋਂ (ਕਿਸੇ ਜੀਵ ਦਾ ਮੱਥਾ) ਗੁਰੂ ਦੇ ਸੋਹਣੇ ਚਰਨਾਂ ਤੇ ਲੱਗੇ,
ਉਹ ਦਿਨ ਭਾਗਾਂ ਵਾਲੇ, ਉਹ ਸਮਾ ਭਾਗਾਂ ਵਾਲਾ ਸਮਝੋ।
(ਪ੍ਰਭੂ ਦੀ ਦੀਦਾਰ ਦੀ ਖ਼ਾਤਰ, ਜੀਵ) ਚੌਹੀਂ ਤਰਫ਼ੀਂ ਦਸੀਂ ਪਾਸੀਂ ਭੀ ਭਟਕ ਆਵੇ (ਤਦ ਭੀ ਸਫਲਤਾ ਨਹੀਂ ਹੁੰਦੀ।)
ਦੀਦਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਦੀ ਮਿਹਰ ਹੋਵੇ। (ਤੇ ਮਿਹਰ ਹੋਇਆਂ ਗੁਰੂ ਦੀ ਸੰਗਤਿ ਮਿਲਦੀ ਹੈ)।
ਵਿਚਾਰ ਸੁਅੱਛ ਹੋ ਜਾਂਦੇ ਹਨ, ਮਾਇਆ ਦਾ ਪਿਆਰ ਸਾਰਾ ਹੀ ਮੁੱਕ ਜਾਂਦਾ ਹੈ।
ਗੁਰੂ ਦੀ ਸੰਗਤਿ ਵਿਚ ਮਨ ਪਵਿਤ੍ਰ ਹੋ ਜਾਂਦਾ ਹੈ।
ਉਸ ਨੂੰ (ਹਰ ਥਾਂ) ਇਕ ਪਰਮਾਤਮਾ ਦਾ ਹੀ ਦਰਸਨ ਹੁੰਦਾ ਹੈ, ਉਹ ਹੋਰ ਸਾਰੀਆਂ ਚਿਤਵਨੀਆਂ ਵਿਸਾਰ ਦੇਂਦਾ ਹੈ (ਤੇ ਇਕ ਪਰਮਾਤਮਾ ਦਾ ਹੀ ਚਿਤਵਨ ਕਰਦਾ ਹੈ),
ਹੇ ਨਾਨਕ! ਜਿਸ ਦੀਆਂ ਅੱਖਾਂ ਵਿਚ (ਗੁਰੂ ਦੀ ਬਖ਼ਸ਼ੀ) ਸੂਝ ਦਾ ਸੁਰਮਾ ਪੈਂਦਾ ਹੈ ॥੨੨॥
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ,
ਹੇ ਪ੍ਰਭੂ! ਮੇਰੇ ਤੇ ਅਜੇਹੀ ਮਿਹਰ ਕਰ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੧॥
ਪਉੜੀ
ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ)
ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ)।
ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ,