ਇਹ ਧਨ-ਪਦਾਰਥ ਇਹ ਮਾਇਆ ਸਦਾ ਸਾਥ ਨਿਬਾਹੁਣ ਵਾਲੇ ਨਹੀਂ ਹਨ, ਅਤੇ ਸਮਾ ਆਉਣ ਤੇ ਪਛੁਤਾਂਦਾ ਹੋਇਆ ਇਹਨਾਂ ਨੂੰ ਛੱਡ ਕੇ ਜਾਂਦਾ ਹੈ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਸਦਾ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲਦਾ ਹੈ।
ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ ਹਰਿ ਨਾਮ ਸੰਭਾਲਦੇ ਹਨ, ਉਹ ਪਰਮਾਤਮਾ ਵਿਚ ਜਾ ਮਿਲਦੇ ਹਨ ॥੩॥{76-77}
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਪਰਮਾਤਮਾ (ਜੀਵ ਦੇ ਇੱਥੋਂ) ਤੁਰਨ ਦਾ ਸਮਾ ਲੈ (ਹੀ) ਆਉਂਦਾ ਹੈ।
ਹੇ ਵਣਜਾਰੇ ਜੀਵ-ਮਿਤ੍ਰ! ਗੁਰੂ ਨੂੰ ਅਭੁੱਲ ਜਾਣ ਕੇ ਗੁਰੂ ਦੀ ਸਰਨ ਪਵੋ, (ਜ਼ਿੰਦਗੀ ਦੀ) ਸਾਰੀ ਰਾਤ ਬੀਤਦੀ ਜਾ ਰਹੀ ਹੈ।
(ਹੇ ਜੀਵ-ਮਿਤ੍ਰ!) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰੋ, (ਇਸ ਕੰਮ ਵਿਚ) ਬਿਲਕੁਲ ਆਲਸ ਨਾਹ ਕਰੋ, ਸਿਮਰਨ ਦੀ ਬਰਕਤਿ ਨਾਲ ਹੀ ਸਦਾ ਵਾਸਤੇ ਅਟੱਲ ਆਤਮਕ ਜੀਵਨ ਵਾਲੇ ਬਣ ਸਕੋਗੇ।
(ਹੇ ਜੀਵ-ਮਿਤ੍ਰ! ਸਿਮਰਨ ਦੀ ਬਰਕਤਿ ਨਾਲ ਹੀ) ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁਖਾਂ ਨੂੰ ਮੁਕਾ ਸਕੇਗਾ।
(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ।
ਨਾਨਕ ਆਖਦਾ ਹੈ- ਜੇਹੜੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ ਵਿਚ ਭੀ (ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹਨਾਂ) ਭਗਤਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਕਾਮਯਾਬ ਰਹਿੰਦੀ ਹੈ ॥੪॥੧॥੩॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ ਮਾਂ ਦੇ ਪੇਟ ਵਿਚ (ਜੀਵ ਦਾ) ਪੈਂਤੜਾ ਰੱਖਦਾ ਹੈ।
ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿਚ ਪ੍ਰਭੂ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿਚ ਜੀਵ ਚੰਗੇ ਮੰਦੇ) ਕਰਮ ਕਮਾਂਦੇ ਹਨ।
ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾ ਮੁਕਰਰ ਕਰ ਦੇਂਦਾ ਹੈ। ਪਿੱਛੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਧੁਰੋਂ ਜਿਹੋ ਜਿਹਾ ਲੇਖ ਲਿਖ ਦੇਂਦਾ ਹੈ, ਉਹੋ ਜਿਹੇ ਕਰਮ ਜੀਵ ਕਮਾਂਦੇ ਹਨ।
ਮਾਂ ਪਿਓ ਭਰਾ ਪੁੱਤਰ ਇਸਤ੍ਰੀ (ਆਦਿਕ) ਇਹਨਾਂ ਸੰਬੰਧੀਆਂ ਵਿਚ ਪ੍ਰਭੂ ਜੀਵ ਨੂੰ ਰਚਾ-ਮਚਾ ਦੇਂਦਾ ਹੈ।
ਇਸ ਜੀਵ ਦੇ ਇਖ਼ਤਿਆਰ ਵਿਚ ਕੁਝ ਨਹੀਂ, ਪਰਮਾਤਮਾ ਆਪ ਹੀ ਇਸ ਪਾਸੋਂ ਚੰਗੇ ਮੰਦੇ ਕਰਮ ਕਰਾਂਦਾ ਹੈ।
ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਪਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿਚ ਰੱਖ ਦੇਂਦਾ ਹੈ ॥੧॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪਹੁੰਚੀ ਹੋਈ ਜੁਆਨੀ (ਜੀਵ ਦੇ ਅੰਦਰ) ਉਛਾਲੇ ਮਾਰਦੀ ਹੈ।
ਹੇ ਵਣਜਾਰੇ ਮਿਤ੍ਰ! ਤਦੋਂ ਜੀਵ ਦਾ ਮਨ ਹਉਮੈ ਅਹੰਕਾਰ ਵਿਚ ਮਸਤ ਰਹਿੰਦਾ ਹੈ, ਤੇ ਉਹ ਚੰਗੇ ਮੰਦੇ ਕੰਮ ਵਿਚ ਤਮੀਜ਼ ਨਹੀਂ ਕਰਦਾ।
(ਜੁਆਨੀ ਦੇ ਮਦ ਵਿਚ) ਪ੍ਰਾਣੀ ਇਹ ਨਹੀਂ ਪਛਾਣਦਾ, ਕਿ ਜੋ ਕੁਝ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ (ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ) ਪਰਲੋਕ ਵਿਚ ਔਖਾ ਪੈਂਡਾ ਝਾਗਦਾ ਹੈ।
(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।
(ਜੁਆਨੀ ਦੇ ਨਸ਼ੇ ਵਿਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ?
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ ॥੨॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੇ) ਰਾਤ ਦੇ ਤੀਜੇ ਪਹਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਹੋਇਆ ਤੇ ਗਿਆਨ ਤੋਂ ਸੱਖਣਾ ਮਨੁੱਖ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਧਨ-ਰੂਪ) ਜ਼ਹਰ ਇਕੱਠਾ ਕਰਦਾ ਰਹਿੰਦਾ ਹੈ।
ਹੇ ਵਣਜਾਰੇ ਮਿਤ੍ਰ! ਤਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ। ਇਸ ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ) ਵਿਚ, (ਮਾਇਆ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।
ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿਚ ਨਹੀਂ ਆਉਂਦਾ।
ਮਨੁੱਖ ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿਚ (ਭਟਕਦਾ) ਦੁੱਖ ਸਹਾਰਦਾ ਹੈ।
ਮਨੁੱਖ (ਆਪਣੇ) ਸਿਰਜਨਹਾਰ ਮਾਲਕ ਨੂੰ ਭੁਲਾ ਦੇਂਦਾ ਹੈ, ਅੱਖ ਝਮਕਣ ਦੇ ਸਮੇਂ ਜਿਤਨਾ ਸਮਾ ਭੀ ਪਰਮਾਤਮਾ ਵਿਚ ਸੁਰਤ ਨਹੀਂ ਜੋੜਦਾ।
ਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਅੰਨ੍ਹਾ ਗਿਆਨ-ਹੀਨ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਧਨ-ਰੂਪ) ਜ਼ਹਰ (ਹੀ) ਇਕੱਠਾ ਕਰਦਾ ਰਹਿੰਦਾ ਹੈ ॥੩॥
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ, (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)।
ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿਚ ਤੇਰਾ ਮਦਦਗਾਰ ਬਣੇਗਾ।
ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ।