ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।
ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।
(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥
ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।
(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ। (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ॥੧॥ ਰਹਾਉ ॥
ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।
ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ।
ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ॥੨॥੨੧॥੫੨॥
ਰਾਗ ਧਨਾਸਰੀ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।
ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ਰਹਾਉ॥
ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।
ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ॥੧॥
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।
ਹੇ ਨਾਨਕ! (ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ॥੨॥੧॥੫੩॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥
ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ਰਹਾਉ॥
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥