ਨਾਨਕ ਆਖਦਾ ਹੈ ਕਿ (ਹੇ ਜਿੰਦੇ! ਖ਼ੁਸ਼ੀ ਦਾ ਗੀਤ ਗਾ) ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਆਪ ਆ ਕੇ ਮੈਨੂੰ ਮਿਲ ਪਿਆ ਹੈ ॥੩੪॥
ਹੇ ਮੇਰੇ ਸਰੀਰ! ਇਸ ਜਗਤ ਵਿਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ।
ਜਦੋਂ ਦਾ ਤੂੰ ਸੰਸਾਰ ਵਿਚ ਆਇਆ ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ।
ਜਿਸ ਹਰੀ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿਚ ਨਹੀਂ ਵਸਾਇਆ (ਉਸ ਦੀ ਯਾਦ ਵਿਚ ਕਦੇ ਨਹੀਂ ਜੁੜਿਆ)।
(ਪਰ, ਹੇ ਸਰੀਰ! ਤੇਰੇ ਭੀ ਕੀਹ ਵੱਸ?) ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿਚ ਪਰਮਾਤਮਾ ਵੱਸਦਾ ਹੈ (ਉਹੀ ਹਰੀ-ਸਿਮਰਨ ਵਿਚ ਜੁੜਦਾ ਹੈ)।
ਨਾਨਕ ਆਖਦਾ ਹੈ ਕਿ ਜਿਸ ਮਨੁੱਖ ਨੇ ਗੁਰੂ-ਚਰਨਾਂ ਵਿਚ ਚਿੱਤ ਜੋੜ ਲਿਆ, (ਉਸ ਦਾ) ਇਹ ਸਰੀਰ ਸਫਲ ਹੋ ਜਾਂਦਾ ਹੈ (ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਹੈ ਜਿਸ ਵਾਸਤੇ ਇਹ ਬਣਾਇਆ ਗਿਆ) ॥੩੫॥
ਹੇ ਮੇਰੀਓ ਅੱਖੀਓ! ਪਰਮਾਤਮਾ ਨੇ ਤੁਹਾਡੇ ਅੰਦਰ (ਆਪਣੀ) ਜੋਤਿ ਟਿਕਾਈ ਹੈ (ਤਾਹੀਏਂ ਤੁਸੀ ਵੇਖਣ-ਜੋਗੀਆਂ ਹੋ) ਜਿੱਧਰ ਤੱਕੋ, ਪਰਮਾਤਮਾ ਦਾ ਹੀ ਦੀਦਾਰ ਕਰੋ।
ਪਰਮਾਤਮਾ ਤੋਂ ਬਿਨਾ ਹੋਰ ਕੋਈ ਗ਼ੈਰ ਨਾ ਦਿੱਸੇ, ਨਿਗਾਹ ਨਾਲ ਹਰੀ ਨੂੰ ਵੇਖੋ।
(ਹੇ ਅੱਖੀਓ!) ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿੱਸ ਰਿਹਾ ਹੈ।
ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ (ਚੁਫੇਰੇ) ਵੇਖਦਾ ਹਾਂ, ਹਰ ਥਾਂ ਇਕ ਪਰਮਾਤਮਾ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ।
ਨਾਨਕ ਆਖਦਾ ਹੈ ਕਿ (ਗੁਰੂ ਨੂੰ ਮਿਲਣ ਤੋਂ ਪਹਿਲਾਂ) ਇਹ ਅੱਖੀਆਂ (ਅਸਲ ਵਿਚ) ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਹਨਾਂ ਵਿਚ ਰੌਸ਼ਨੀ ਆਈ (ਇਹਨਾਂ ਨੂੰ ਹਰ ਥਾਂ ਪਰਮਾਤਮਾ ਦਿੱਸਣ ਲੱਗਾ। ਇਹੀ ਦੀਦਾਰ ਆਨੰਦ-ਮੂਲ ਹੈ) ॥੩੬॥
ਹੇ ਮੇਰੇ ਕੰਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਹੈ,
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆ ਕਰੋ, ਸਦਾ-ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿਚ ਥਾਪਿਆ ਹੈ।
ਇਸ ਸਿਫ਼ਤ-ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਮਨ ਆਨੰਦ-ਭਰਪੂਰ ਹੋ ਜਾਂਦਾ ਹੈ, ਜੀਭ ਆਨੰਦ ਵਿਚ ਮਸਤ ਹੋ ਜਾਂਦੀ ਹੈ।
ਸਦਾ-ਥਿਰ ਪਰਮਾਤਮਾ ਤਾਂ ਅਸਚਰਜ-ਰੂਪ ਹੈ, ਉਸ ਦਾ ਕੋਈ ਚਿਹਨ-ਚੱਕ੍ਰ ਦੱਸਿਆ ਨਹੀਂ ਜਾ ਸਕਦਾ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ।
(ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਤਾਹੀਏਂ) ਨਾਨਕ ਆਖਦਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ (ਬਣਾਇਆ) ਹੈ ॥੩੭॥
ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ।
ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।
ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)।
ਉਸ ਅਵਸਥਾ ਵਿਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।
ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ ॥੩੮॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਹ ਬਾਣੀ ਸਾਧ ਸੰਗਤ ਵਿਚ (ਬੈਠ ਕੇ) ਗਾਵਿਆ ਕਰੋ।
ਉਸ ਸਤ ਸੰਗ ਵਿਚ ਆਮਤਕ ਅਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿਥੇ (ਗੁਰਮੁਖਿ ਜਨ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਂਦੇ ਹਨ।
ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ ਇਹ ਸੂਝ ਬਖ਼ਸ਼ੇਂ।
ਸਦਾ-ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉਤੇ ਉਹ ਮੇਹਰ ਕਰਦਾ ਹੈ ਉਹ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ।
ਤੇ, ਨਾਨਕ ਆਖਦਾ ਹੈ, ਉਹ ਸਤ ਸੰਗਤ ਵਿਚ (ਬੈਠ ਕੇ) ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਗਾਂਦੇ ਹਨ ॥੩੯॥
ਹੇ ਵੱਡੇ ਭਾਗਾਂ ਵਾਲਿਓ! ਸੁਣੋ, ਆਨੰਦ ਇਹ ਹੈ ਕਿ (ਉਸ ਅਵਸਥਾ ਵਿਚ) ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ (ਸਾਰੇ ਸੰਕਲਪ ਸਿਰੇ ਚੜ੍ਹ ਜਾਂਦੇ ਹਨ),
ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ-ਝੌਰੇ ਮਨ ਤੋਂ ਲਹਿ ਜਾਂਦੇ ਹਨ।
ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ।
ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ।
ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ।
ਨਾਨਕ ਬੇਨਤੀ ਕਰਦਾ ਹੈ-ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ॥੪੦॥੧॥