ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?
ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।
(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥
ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥
ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,
ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।
ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।
ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥
ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।
(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।
(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।
ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥
ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,
(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।
(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿਚ (ਆਤਮਕ) ਸੁਖ ਮਾਣਿਆ,
(ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ।
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਵਾਲਾ ਬਣਦਾ ਹੈ,
ਮੁੜ ਮੁੜ ਜਨਮਾਂ ਦੇ ਗੇੜ ਵਿਚ (ਭੀ) ਨਹੀਂ ਪੈਂਦਾ ॥੧॥
ਹੇ ਭਾਈ! (ਹੁਣ) ਮੈਂ ਗੁਰੂ ਦੀ ਕਦਰ ਸਮਝ ਲਈ ਹੈ।
(ਗੁਰੂ ਨੇ) ਕਿਰਪਾ ਕਰ ਕੇ (ਮੈਨੂੰ) ਪਰਮਾਤਮਾ ਦਾ ਨਾਮ ਦੇ ਦਿੱਤਾ ਹੈ। ਪੂਰਬਲੇ ਸੰਜੋਗ ਦੇ ਕਾਰਨ (ਗੁਰੂ ਦੀ ਮਿੱਤ੍ਰਤਾ) ਪ੍ਰਾਪਤ ਹੋਈ ਹੈ ॥੧॥ ਰਹਾਉ ॥
ਹੇ ਭਾਈ! ਜਦੋਂ ਗੁਰੂ ਦੇ ਚਰਨਾਂ ਵਿਚ, ਮੇਰਾ ਚਿੱਤ ਜੁੜਿਆ ਸੀ,
ਉਹ ਸੰਜੋਗ ਮੁਬਾਰਿਕ ਸੀ, ਮੁਬਾਰਿਕ ਸੀ, ਭਾਗਾਂ ਵਾਲਾ ਸੀ।
ਹੇ ਭਾਈ! ਗੁਰੂ ਦੀ ਚਰਨ-ਧੂੜ ਮੇਰੇ ਮੱਥੇ ਉੱਤੇ ਲੱਗੀ,
ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ॥੨॥
ਹੇ ਪ੍ਰਾਣੀ! ਜਦੋਂ ਜੀਵ ਸਰਧਾ ਧਾਰ ਕੇ ਗੁਰੂ ਦੀ ਸੇਵਾ-ਟਹਿਲ ਕਰਦੇ ਹਨ,
ਤਦੋਂ ਉਹਨਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ।
ਹੇ ਪ੍ਰਾਣੀ! ਜਿਸ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਸੇ ਨੂੰ ਹੀ ਇਸ ਨਾਮ ਫਲ ਦੀ ਪ੍ਰਾਪਤੀ ਹੋਈ,
(ਭਾਵੇਂ ਕਿ) ਪਰਮਾਤਮਾ ਦਾ ਨਾਮ ਹਰੇਕ ਹਿਰਦੇ ਵਿਚ ਵੱਸ ਰਿਹਾ ਹੈ ॥੩॥
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਸਾਰੇ (ਮਾਨਸਕ) ਝਗੜੇ ਤੇ ਦੁੱਖ ਮਿਟ ਜਾਂਦੇ ਹਨ।
ਜਿਸ ਪ੍ਰਭੂ ਤੋਂ ਜੀਵ ਪੈਦਾ ਹੋਏ ਹਨ ਉਸੇ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।
ਉਹ ਸੋਹਣਾ ਗੋਬਿੰਦ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ,
ਹੇ ਨਾਨਕ! (ਜਿਹੜਾ) ਪੂਰਨ ਪ੍ਰਭੂ ਬਖ਼ਸ਼ਣਹਾਰ ਹੈ ॥੪॥੩੮॥੪੯॥
(ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ) ਸ਼ੇਰ (ਹੋਇਆ ਮਨ) ਗਿਆਨ-ਇੰਦ੍ਰਿਆਂ ਨੂੰ ਆਪਣੇ ਵੱਸ ਵਿਚ ਰੱਖਣ ਲੱਗ ਪੈਂਦਾ ਹੈ।
(ਵਿਕਾਰਾਂ ਵਿਚ ਫਸਿਆ ਜੀਵ ਪਹਿਲਾਂ) ਕੌਡੀ (ਸਮਾਨ ਤੁੱਛ ਹਸਤੀ ਵਾਲਾ ਹੋ ਗਿਆ ਸੀ, ਹੁਣ ਉਸ) ਦਾ ਮੁੱਲ (ਮਾਨੋ) ਲੱਖਾਂ ਰੁਪਏ ਹੋ ਗਿਆ।
(ਹੇ ਭਾਈ! ਦੁਨੀਆ ਦੇ ਧਨ-ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ) ਹਾਥੀ (ਮਨ) ਬੱਕਰੀ (ਵਾਲੇ ਗਰੀਬੀ ਸੁਭਾਉ) ਨੂੰ (ਆਪਣੇ ਅੰਦਰ) ਸੰਭਾਲਦਾ ਹੈ,
ਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ ॥੧॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ!
ਤੇਰੇ ਅਨੇਕਾਂ ਗੁਣ ਹਨ, ਮੈਂ (ਸਾਰੇ) ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥
(ਹੇ ਭਾਈ! ਜਦੋਂ ਆਪਣਾ ਪ੍ਰਭੂ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਤਾਂ) ਬਿੱਲੀ ਦਿੱਸ ਰਿਹਾ ਮਾਸ ਨਹੀਂ ਖਾਂਦੀ (ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਮਾਇਕ ਪਦਾਰਥਾਂ ਵਲ ਨਹੀਂ ਤੱਕਦਾ)।
ਪ੍ਰਭੂ (ਦੀ ਕਿਰਪਾ ਨਾਲ) ਵੱਡੇ ਕਸਾਈ (ਨਿਰਦਈ ਮਨ) ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ (ਨਿਰਦਇਤਾ ਦਾ ਸੁਭਾਉ ਤਿਆਗ ਦਿੱਤਾ)।
ਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ (ਆਪਣੀ ਕਿਰਪਾ ਨਾਲ ਜੀਵ ਦੇ) ਹਿਰਦੇ ਵਿਚ ਆ ਵੱਸਿਆ,
ਤਦੋਂ (ਮਾਇਆ ਦੇ ਮੋਹ ਦੇ ਜਾਲ ਵਿਚ) ਫਸੀ ਹੋਈ (ਜੀਵ-) ਮੱਛੀ ਦਾ (ਮਾਇਆ ਦੇ ਮੋਹ ਦਾ) ਜਾਲ ਟੁੱਟ ਗਿਆ ॥੨॥
(ਜਦੋਂ ਮਿਹਰ ਹੋਈ ਤਾਂ) ਸੁੱਕੇ ਹੋਏ ਕਾਠ ਚੁਹ-ਚੁਹ ਕਰਦੇ ਹਰੇ ਹੋ ਗਏ (ਮਨ ਦਾ ਰੁੱਖਾਪਨ ਦੂਰ ਹੋ ਕੇ ਜੀਵ ਦੇ ਅੰਦਰ ਦਇਆ ਪੈਦਾ ਹੋ ਗਈ),
ਉੱਚੇ ਟਿੱਬੇ ਉੱਤੇ ਸੋਹਣੇ ਕੌਲ-ਫੁੱਲ ਖਿੜ ਪਏ (ਜਿਸ ਆਕੜੇ ਹੋਏ ਮਨ ਉਤੇ ਪਹਿਲਾਂ ਹਰਿ-ਨਾਮ ਦੀ ਵਰਖਾ ਦਾ ਕੋਈ ਅਸਰ ਨਹੀਂ ਸੀ ਹੁੰਦਾ, ਹੁਣ ਉਹ ਖਿੜ ਪਿਆ)।
ਪਿਆਰੇ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ,
ਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ ॥੩॥
ਹੇ ਭਾਈ! ਉਹ (ਪ੍ਰਭੂ) ਨਾ-ਸ਼ੁਕਰਿਆਂ ਦਾ (ਵੀ) ਪਾਰ-ਉਤਾਰਾ ਕਰਦਾ ਹੈ।
ਮੇਰਾ ਪ੍ਰਭੂ ਸਦਾ ਦਇਆ ਦਾ ਘਰ ਹੈ।
ਪ੍ਰਭੂ ਆਪਣੇ ਸੰਤਾਂ ਦਾ ਸਦਾ ਮਦਦਗਾਰ ਹੁੰਦਾ ਹੈ,
ਹੇ ਨਾਨਕ! (ਆਖ-) ਸੰਤ ਜਨ ਸਦਾ ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ ॥੪॥੩੯॥੫੦॥