(ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ ॥੧॥
ਹੇ ਭਾਈ! (ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ।
ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ ॥੨॥
ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ।
ਹੇ ਨਾਨਕ! (ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ ॥੩॥੩॥
ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ।
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥
ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ,
ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥
ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ।
ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥
ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ।
ਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥
(ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ,
ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ ॥੧॥ ਰਹਾਉ ॥
(ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ;
ਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ॥੧॥
(ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
ਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ ॥੨॥
(ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ।
ਹੇ ਨਾਨਕ! (ਆਖ-ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ॥੩॥੫॥
ਹੇ ਮਾਂ! ਧਰਤੀ ਦੇ ਖਸਮ-ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾਂ?
ਮੇਰਾ ਮਨ (ਤਾਂ) ਵੱਡੇ ਮੋਹ ਦੀ ਅਗਿਆਨਤਾ ਵਿਚ, ਮੋਹ ਦੇ ਹਨੇਰੇ ਵਿਚ (ਸਦਾ) ਫਸਿਆ ਰਹਿੰਦਾ ॥੧॥ ਰਹਾਉ ॥
(ਹੇ ਮਾਂ! ਮੈਂ ਆਪਣਾ) ਸਾਰਾ ਜਨਮ ਭਟਕਣਾ ਵਿਚ ਹੀ ਗਵਾ ਲਿਆ ਹੈ। (ਅਜੇ ਤਕ ਅਜੇਹੀ) ਮਤਿ ਨਹੀਂ ਹਾਸਲ ਕੀਤੀ (ਜੋ ਮੈਨੂੰ) ਅਡੋਲ ਰੱਖ ਸਕੇ।
ਦਿਨ ਰਾਤ ਮੈਂ ਮਾਇਆ ਵਿਚ ਹੀ ਲੰਪਟ ਰਹਿੰਦਾ ਹਾਂ। ਮੇਰੀ ਇਹ ਨੀਚਤਾ ਮੁੱਕਣ ਵਿਚ ਨਹੀਂ ਆਉਂਦੀ ॥੧॥
ਹੇ ਮਾਂ! ਮੈਂ ਕਦੇ ਗੁਰਮੁਖਾਂ ਦੀ ਸੰਗਤਿ ਨਹੀਂ ਕੀਤੀ, ਮੈਂ ਕਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਨਹੀਂ ਗਾਇਆ।
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਮੈਨੂੰ ਆਪਣੀ ਸ਼ਰਨ ਵਿਚ ਰੱਖ ॥੨॥੬॥
ਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ।
ਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ? ॥੧॥ ਰਹਾਉ ॥
ਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ।
ਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ ॥੧॥
ਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ।
ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ॥੨॥