(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।
ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥
ਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);
(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥
(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,
ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।
(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,
ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥
ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,
(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥
ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।
ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥
ਜਮਦੂਤ ਵਗਾਤੱਗ ਆ ਰਹੇ ਹਨ,
ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।
ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-
ਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।
ਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥
ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।
ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥
ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।
ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥
(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;
ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥
(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।
ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥
ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ।
ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥
(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,
ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥
ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥
ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);
(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥
(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ,
ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥